ਖੇਤੀ ਕਾਨੂੰਨ ‘ਤੇ ਹੁੱਡਾ ਦਾ ਬੇ ਭਰੋਸਗੀ ਮਤਾ ਡਿੱਗਿਆ
ਚੰਡੀਗੜ੍ਹ(ਏਜੰਸੀਆਂ) : ਹਰਿਆਣਾ ‘ਚ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਵਾਲੀ ਭਾਜਪਾ-ਜਜਪਾ ਸਰਕਾਰ ਨੇ ਬੁੱਧਵਾਰ ਨੂੰ ਵਿਧਾਨਸਭਾ ‘ਚ ਇੱਕ ਵਾਰ ਫਿਰ ਤੋਂ ਭਰੋਸੇ ਦਾ ਵੋਟ ਹਾਸਲ ਕਰ ਲਿਆ। ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਵਿਰੋਧੀ ਨੇਤਾ ‘ਤੇ ਸਾਬਕਾ ਸੀਐਮ ਭੁਪਿੰਦਰ ਸਿੰਘ ਹੁੱਡਾ ਵੱਲੋਂ ਸਰਕਾਰ ਦੇ ਖਿਲਾਫ ਲਿਆਂਦਾ ਮਤਾ ਸਦਨ ਵਿੱਚ ਗਿਰ ਗਿਆ। ਸਰਕਾਰ ਨੂੰ ਕੁੱਲ 55 ਵੋਟ ਮਿਲੇ ਜਦੋਕਿ ਵਿਰੋਧੀ ਧਿਰ ਨੂੰ ਬੇ ਭਰੋਸਗੀ ਮਤੇ ਦੇ ਹੱਕ ਵਿੱਚ 32 ਵੋਟ ਮਿਲੇ।
ਸਦਨ ਵਿੱਚ ਚਰਚਾ ਤੋਂ ਪਹਿਲਾਂ ਭਾਜਪਾ, ਕਾਂਗਰਸ ‘ਤੇ ਜਜਪਾ ਵੱਲੋ ਵਿੱਪ ਜਾਰੀ ਕਰ ਸਾਰੇ ਵਿਧਾਇਕਾਂ ਨੂੰ ਸਦਨ ਵਿੱਚ ਮੌਜੂਦ ਰਹਿਣ ਦੇ ਨਿਰਦੇਸ਼ ਦਿੱਤੇ ਗਏ ਸਨ। ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਪੰਜ ਮਾਰਚ ਨੂੰ ਸੈਸ਼ਨ ਦੀ ਸ਼ੁਰੂਆਤ ਦੇ ਸਮੇਂ ਖੇਤੀ ਕਾਨੂੰਨ ਦੇ ਖਿਲਾਫ, ਪਿਛਲੇ ਸਾਲ ਲਾਕਡਾਊਨ ਦੇ ਦੌਰਾਨ ਹੋਏ ਸ਼ਰਾਬ ਘੁਟਾਲੇ, ਰਜਿਸਟਰੀ ਘੁਟਾਲੇ ਅਤੇ ਜ਼ਹਿਰੀਲੀ ਸ਼ਰਾਬ ਨਾਲ 47 ਮੌਤਾਂ ਸਮੇਤ 10 ਮੁੱਦਿਆਂ ਨੂੰ ਆਧਾਰ ਬਣਾ ਕੇ ਸਰਕਾਰ ਵਿਰੁੱਧ ਬੇ ਭਰੋਸਗੀ ਪ੍ਰਸਤਾਵ ਦਿੱਤਾ ਸੀ।
ਜਿਸ ‘ਤੇ ਬੁੱਧਵਾਰ ਨੂੰ ਸਦਨ ਵਿੱਚ ਚਰਚਾ ਹੋਈ। ਚਰਚਾ ਦੇ ਦੌਰਾਨ ਸਦਨ ਵਿੱਚ ਭਾਜਪਾ ਜਜਪਾ ਅਤੇ ਕਾਂਗਰਸ ਦੇ ਵਿੱਚਕਾਰ ਜੰਮਕੇ ਬਹਿਸ ਹੋਈ। ਕਰੀਬ ਛੇ ਘੰਟੇ ਦੀ ਚਰਚਾ ਦੇ ਦੌਰਾਨ ਕਾਂਗਰਸ ਦੇ ਵਿਧਾਇਕ ਕਈ ਵਾਰ ਆਪਣੀਆਂ ਕੁਰਸੀਆਂ ਤੋਂ ਉਠ ਕੇ ਸਪੀਕਰ ਦੀ ਵੈਲ ਵੱਲ ਵਧੇ।
ਸਦਨ ਵਿੱਚ ਭਾਰੀ ਹੰਗਾਮੇ ਅਤੇ ਬਹਿਸ ਦੇ ਬਾਅਦ ਸਪੀਕਰ ਗਿਆਨ ਚੰਦ ਗੁਪਤਾ ਨੇ ਸਦਨ ਨੂੰ ਪ੍ਰਸਤਾਵ ਦੇ ਬਾਰੇ ਜਾਣਕਾਰੀ ਦਿੱਤੀ। ਕਾਫੀ ਸ਼ੋਰਗੁਲ ‘ਤੇ ਹੰਗਾਮੇ ਦੌਰਾਨ ਸਦਨ ਵਿੱਚ ਹੋਈ ਵੋਟਿੰਗ ਦੌਰਾਨ ਭਾਜਪਾ ਜਜਪਾ ਗਠਜੋੜ ਨੂੰ 55 ਅਤੇ ਕਾਂਗਰਸ ਨੂੰ 32 ਵੋਟ ਮਿਲੇ। ਜਿਸਦੇ ਬਾਅਦ ਸਪੀਕਰ ਗਿਆਨ ਚੰਦ ਗੁਪਤਾ ਨੇ ਐਲਾਨ ਕੀਤਾ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਇੱਕ ਵਾਰ ਫਿਰ ਸਦਨ ਵਿੱਚ ਵਿਸ਼ਵਾਸ਼ ਮਤ ਹਾਸਲ ਕਰ ਲਿਆ ਹੈ।
ਸਦਨ ਵਿੱਚ ਕਿਵੇਂ ਬਣੇ ਸਮੀਕਰਣ
ਹਰਿਆਣਾ ਵਿਧਾਨ ਸਭਾ ਵਿੱਚ ਕੁੱਲ 90 ਵਿਧਾਇਕ ਹਨ। ਐਲਨਾਬਾਦ ਦੇ ਵਿਧਾਇਕ ਅਭੈ ਚੋਟਾਲਾ ਨੇ 27 ਜਨਵਰੀ ਨੂੰ ਖੇਤੀ ਕਾਨੂੰਨਾਂ ਦੇ ਵਿਰੁੱਧ ਅਸਤੀਫਾ ਦੇ ਦਿੱਤਾ ਸੀ। ਹਿਮਾਚਲ ਦੇ ਨਾਲਾਗੜ੍ਹ ਦੀ ਅਦਾਲਤ ਵੱਲੋਂ ਕਾਲਕਾ ਦੇ ਵਿਧਾਇਕ ਪ੍ਰਦੀਪ ਚੌਧਰੀ ਨੂੰ ਸਜਾ ਸੁਣਾਏ ਜਾਣ ਤੋਂ ਬਾਅਦ ਸਪੀਕਰ ਵੱਲੋਂ 30 ਜਨਵਰੀ ਨੂੰ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ। 88 ਮੈਂਬਰਾਂ ਵਾਲੀ ਵਿਧਾਨਸਭਾ ਵਿੱਚ ਵਿਸ਼ਵਾਸ਼ ਦਾ ਮਤ ਹਾਸਲ ਕਰਨ ਦੇ ਲਈ 44 ਵਿਧਾਇਕਾਂ ਦੀ ਜਰੂਰਤ ਹੈ। ਵਿਸ਼ਵਾਸ਼ ਮਤ ਦੇ ਦੌਰਾਨ ਸਦਨ ਵਿੱਚ ਸਰਕਾਰ ਦੇ ਪੱਖ ਵਿੱਚ ਭਾਜਪਾ ਦੇ 39 ਅਤੇ ਜਜਪਾ ਦੇ 10 ਵਿਧਾਇਕਾਂ ਦੇ ਇਲਾਵਾ 5 ਆਜ਼ਾਦ ਵਿਧਾਇਕਾਂ ਨੇ ਪ੍ਰਸਤਾਵ ਦੇ ਵਿਰੁੱਧ ਵੋਟ ਕੀਤਾ। ਪੰਚਕੂਲਾ ਦੇ ਵਿਧਾਇਕ ਗਿਆਨ ਚੰਦ ਗੁਪਤਾ ਸਪੀਕਰ ਹੋਣ ਦੇ ਚਲਦੇ ਵੋਟਿੰਗ ਵਿੱਚ ਸ਼ਾਮਲ ਨਹੀਂ ਹੋਏ।