ਚੰਡੀਗੜ੍ਹ (ਏਜੰਸੀਆਂ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 22 ਪੰਜਾਬ ਰੈਜ਼ੀਮੈਂਟ ਦੇ ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਐਕਸ-ਗ੍ਰੇਸ਼ੀਆ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਕੰਟਰੇਲ ਰੇਖਾ ਨੇੜੇ ਬਟਾਲਿਕ ਸੈਕਟਰ (ਲੇਹ) ਦੇ ਉੱਚਾਈ ਵਾਲੇ ਖੇਤਰ ਵਿੱਚ ਡਿਊਟੀ ਦੌਰਾਨ ਪਰਵਿੰਦਰ ਸਿੰਘ ਦੀ ਜਾਨ ਚਲੀ ਗਈ। ਜੂਨੀਅਰ ਕਮਿਸ਼ਨਡ ਅਫ਼ਸਰ ਆਪਣੇ ਪਿੱਛੇ ਪਿਤਾ, ਪਤਨੀ ਅਤੇ 11 ਤੇ 13 ਸਾਲ ਦੀ ਉਮਰ ਦੇ ਦੋ ਪੁੱਤਰ ਛੱਡ ਗਏ ਹਨ। ਸ਼ਹੀਦ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਦਿੱਤਾ ਜਾਵੇਗਾ। ਸ਼ਹੀਦ ਪਰਵਿੰਦਰ ਸਿੰਘ ਦੀ ਮ੍ਰਿਤਕ ਦੇਹ 28 ਫਰਵਰੀ (ਐਤਵਾਰ) ਨੂੰ ਜਗਰਾਓਂ ਵਿਖੇ ਉਨ੍ਹਾਂ ਦੇ ਜੱਦੀ ਸਥਾਨ ਵਿਖੇ ਪਹੁੰਚੇਗੀ ਅਤੇ ਇਸੇ ਦਿਨ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।