ਰੋਜ਼ਾਨਾ ਵਾਂਗ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਤਾਂ ਦੇਖਿਆ ਅੱਜ ਉੱਥੇ ਕਿਸੇ ਦੇ ਭੋਗ ਦਾ ਪ੍ਰੋਗਰਾਮ ਸੀ। ਮੈਂ ਦੇਖਿਆ ਔਰਤਾਂ ਵਾਲੇ ਪਾਸੇ ਕਾਫੀ ਕੁਰਲਾਹਟ ਜਿਹੀ ਮਚੀ ਹੋਈ ਸੀ। ਮੱਥਾ ਟੇਕਦਿਆਂ ਹੀ ਗੁਰੂ ਮਹਾਰਾਜ ਦੇ ਚਰਨਾਂ ਚ ਪਈ ਤਸਵੀਰ ਤੇ ਜਿਉਂ ਹੀ ਮੇਰਾ ਧਿਆਨ ਗਿਆ ਮੈਂ ਇੱਕ ਦਮ ਤ੍ਰਬਕ ਜਿਹੀ ਗਈ। ਇਹ ਕੋਈ ਪੱਚੀ- ਛੱਬੀ ਸਾਲ ਦੇ ਨੌਜਵਾਨ ਮੁੰਡੇ ਦੀ ਤਸਵੀਰ ਸੀ। ਜਿਸ ਦਾ ਅੱਜ ਭੋਗ ਸੀ। ਇਸਨੂੰ ਭਰੀ ਜਵਾਨੀ ਚ ਕੀ ਹੋ ਗਿਆ, ਸੋਚਦੇ ਹੋਏ ਮੈਂ ਸੰਗਤ ਚ ਬੈਠ ਗਈ। ਇੰਨੇ ਨੂੰ ਮੈਂ ਦੇਖਿਆ ਕਿ ਇੱਕ ਔਰਤ ਜੋ ਬਹੁਤ ਜ਼ਿਆਦਾ ਰੋ ਰਹੀ ਸੀ, ਇਕ ਦਮ ਬੇਹੋਸ਼ ਹੋ ਗਈ। ਔਰਤਾਂ ਚ ਭਗਦੜ ਜਿਹੀ ਮੱਚ ਗਈ। ਕੁਝ ਆਦਮੀ ਵੀ ਭੱਜੇ ਆਏ। ਉਨ੍ਹਾਂ ਚੋਂ ਇੱਕ ਬੰਦਾ ਰੋਣ ਲੱਗ ਪਿਆ ਤੇ ਬੇਹੋਸ਼ ਹੋਈ ਔਰਤ ਨੂੰ ਹਸਪਤਾਲ ਲੈ ਗਏ। ਮੈਂ ਬਹੁਤ ਉਦਾਸ ਹੋ ਗਈ ਤੇ ਨਾਲ ਵਾਲੀਆਂ ਔਰਤਾਂ ਨੂੰ ਇਸ ਬਾਰੇ ਪੁੱਛਣ ਲੱਗੀ। ਇੱਕ ਔਰਤ ਰੋਂਦੇ ਹੋਏ ਬੋਲੀ, "ਪੁੱਤਰ ਇਹ ਮੁੰਡੇ ਦੀ ਮਾਂ ਹੈ ਜਿਹੜੀ ਬੇਹੋਸ਼ ਹੋ ਗਈ। ਉਸ ਨੂੰ ਮੁੰਡੇ ਦਾ ਪਿਓ ਹਸਪਤਾਲ ਲੈ ਕੇ ਗਿਆ ਹੈ।
"ਕੀ ਹੋ ਗਿਆ ਸੀ ਮੁੰਡੇ ਨੂੰ ?"ਮੇਰੇ ਵੱਲੋਂ ਪੁੱਛਣ ਤੇ ਉਹ ਹੰਝੂ ਪੂੰਝਦੀ ਬੋਲੀ ਬੱਸ ਪੁੱਤ, ਮਾਂ ਪਿਓ ਦੀ ਤਾਂ ਜਾਨ ਸੀ ਇਹਦੇ 'ਚ। ਇੱਕੋ ਇੱਕ ਔਲਾਦ ਸੀ।ਚੰਗਾ ਪੜ੍ਹਾ -ਲਿਖਾ ਕੇ ਹੁਣ ਤਾਂ ਚੰਗੀ ਨੌਕਰੀ ਤੇ ਵੀ ਲੱਗ ਗਿਆ ਸੀ। ਪਰ ਬਦਕਿਸਮਤੀ ਨੂੰ ਇੱਕ ਕੁੜੀ ਨਾਲ ਇਸ ਦਾ ਪਿਆਰ ਪੈ ਗਿਆ ਪਹਿਲਾਂ ਤਾਂ ਕੁੜੀ ਵਿਆਹ ਨੂੰ ਮੰਨੀ ਹੋਈ ਸੀ ਪਰ ਬਾਅਦ ਚ ਵਿਆਹ ਤੋਂ ਮੁੱਕਰ ਗਈ ਤੇ ਕਿਸੇ ਬਾਹਰਲੇ ਮੁੰਡੇ ਨਾਲ ਵਿਆਹ ਕਰਾ ਲਿਆ ਬੱਸ ਸਾਡੇ ਮੁੰਡੇ ਤੋਂ ਬਰਦਾਸ਼ਤ ਨਹੀਂ ਹੋਇਆ ਤੇ ਕੁਝ ਖਾ ਕੇ........ ਤੇ ਉਹ ਰੋਣ ਲੱਗੀ। ਮੇਰੀਆਂ ਅੱਖਾਂ 'ਚ ਵੀ ਹੰਝੂ ਆ ਗਏ। ਹਾਏ ਰੱਬਾ! ਮੰਨਿਆ ਉਹ ਕੁੜੀ ਇਸ ਮੁੰਡੇ ਨਾਲ ਬੁਰਾ ਕਰ ਗਈ ਪਰ ਇਸ ਨੇ ਉਸ ਬੇਵਫ਼ਾ ਲਈ ਜਾਨ ਦੇਣ ਤੋਂ ਪਹਿਲਾਂ ਇਕ ਵਾਰ ਵੀ ਆਪਣੇ ਭੋਲੇ ਮਾਂ -ਪਿਓ ਬਾਰੇ ਨਹੀਂ ਸੋਚਿਆ ਜਿਨ੍ਹਾਂ ਸਾਰੀ ਉਮਰ ਸਿਰਫ ਉਸੇ ਨਾਲ ਹੀ ਵਫਾ ਕੀਤੀ। ਹੇ ਮੇਰੇ ਵਾਹਿਗੁਰੂ ! ਇਨ੍ਹਾਂ ਨੂੰ ਹੁਣ ਭਾਣਾ ਮੰਨਣ ਦਾ ਬੱਲ ਬਖ਼ਸ਼ੀਂ ਤੇ ਨੌਜਵਾਨ ਪੀੜ੍ਹੀ ਨੂੰ ਸੁਮੱਤ ਬਖ਼ਸ਼ੀਂ ! ਰੱਬ ਅੱਗੇ ਅਰਦਾਸ ਕਰਦਿਆਂ ਮੈਂ ਘਰ ਵੱਲ ਪਰਤ ਆਈ।
ਮਨਪ੍ਰੀਤ ਕੌਰ ਭਾਟੀਆ
ਐਮ ਏ , ਬੀ ਐੱਡ
ਫਿਰੋਜ਼ਪੁਰ