ਆਸਟਰੇਲੀਆ (ਏਜੰਸੀਆਂ) : ਸਿਡਨੀ ਵਸਦੇ ਇਕ ਪੰਜਾਬੀ ’ਤੇ ਆਪਣੀ ਪਤਨੀ ਨੂੰ ਅੱਗ ਲਾ ਕੇ ਮਾਰਨ ਦਾ ਦੋਸ਼ ਲਾਇਆ ਗਿਆ ਹੈ। ਉਸ ਦੇ ਕਤਲ ਦੇ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਜਦੋਂ ਗੁਆਂਢੀ ਨੇ ਉਸ ਦੀ ਪਤਨੀ ਨੂੰ ਦੇਖਿਆ ਤਾਂ ਉਹ ਅੱਗ ਦੀਆਂ ਲਪਟਾਂ ਵਿਚ ਘਿਰੀ ਹੋਈ ਸੀ ਅਤੇ ਉਸ ਦਾ ਪਤੀ ਉਸ ਦੇ ਪਿੱਛੇ ਸੀ।ਸਰਕਾਰੀ ਵਕੀਲ ਫਿਲਪ ਹੋਗਨ ਨੇ ਕਰਾਊਨ ਦੇ ਸ਼ੁਰੂਆਤੀ ਬਿਆਨ ਵਿਚ ਜੂਰੀ ਕੋਲ ਦੋਸ਼ ਲਾਇਆ ਕਿ ਕੁਲਵਿੰਦਰ ਸਿੰਘ ਨੇ ਆਪਣੀ ਪਤਨੀ ਨੂੰ ਅੱਗ ਲਾਉਣ ਤੋਂ ਪਹਿਲਾਂ ਉਸ ’ਤੇ ਪੈਟਰੋਲ ਛਿੜਕ ਦਿੱਤਾ ਸੀ ਪਰ ਸਿੰਘ ਦੀ ਵਕੀਲ ਮਾਰਗ੍ਰੇਟ ਕੁਨੀਨ ਐਸਸੀ ਨੇ ਕਿਹਾ ਕਿ ਪਰਵਿੰਦਰ ਕੌਰ ਨੇ ਇਸ ਵਿਸ਼ਵਾਸ ਨਾਲ ਡਰਾਮਾ ਕਰਨ ਲਈ ਆਪਣੇ ਉੱਪਰ ਪੈਟਰੋਲ ਛਿੜਕ ਕੇ ਅੱਗ ਲਾ ਲਈ ਕਿ ਅੱਗ ਨੂੰ ਬੁਝਾਅ ਦਿੱਤਾ ਜਾਵੇਗਾ।ਉਨ੍ਹਾਂ ਐਨਐਸਡਬਲਯੂ ਸੁਪਰੀਮ ਕੋਰਟ ਦੀ ਜੂਰੀ ਨੂੰ ਦੱਸਿਆ ਕਿ ਕਰਾਊਨ ਦੇ ਮਾਮਲੇ ਵਿਚ ਕੋਈ ਦਮ ਨਹੀਂ ਅਤੇ ਸਿੰਘ ਪੂਰੀ ਤਰ੍ਹਾਂ ਨਿਰਦੋਸ਼ ਹੈ। 42 ਸਾਲਾ ਸਿੰਘ ਨੇ 2 ਦਸੰਬਰ 2013 ਨੂੰ ਆਪਣੇ ਰਾਊਸ ਹਿੱਲ ਹੋਮ ਵਿਖੇ 32 ਸਾਲਾ ਪਤਨੀ ਨੂੰ ਕਤਲ ਕਰਨ ਦਾ ਆਪਣਾ ਕਸੂਰ ਸਵੀਕਾਰ ਨਹੀਂ ਕੀਤਾ।ਹੋਗਨ ਨੇ ਕਿਹਾ ਕਿ ਗੁਆਂਢੀ ਵੱਲੋਂ ਰੌਲਾ ਸੁਣਨ ਤੋਂ ਪਹਿਲਾਂ ਮਿਸ ਕੌਰ ਨੇ ਤਿੰਨ ਸਿਫਰ ’ਤੇ ਫੋਨ ਕੀਤਾ ਸੀ। ਮੁੱਦਈ ਪੱਖ ਨੇ ਕਿਹਾ ਕਿ ਵਿਗਿਆਨਿਕ ਸਬੂਤ ਇਹ ਸੰਕੇਤ ਕਰਦੇ ਹਨ ਕਿ ਮਿਸ ਕੌਰ ’ਤੇ ਪੈਟਰੋਲ ਛਿੜਕਣ ਅਤੇ ਅੱਗ ਲਾਏ ਜਾਣ ਵਿਚਕਾਰ ਕੁਝ ਮਿੰਟ ਦਾ ਸਮਾਂ ਹੈ।