ਰੋਹਤਕ : ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੂੰ ਬੁੱਧਵਾਰ ਰਾਤ ਰੋਹਤਕ 'ਚ ਚੋਣ ਪ੍ਰਚਾਰ ਦੌਰਾਨ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਨ ਸਭਾ ਦੌਰਾਨ ਨਵਜੋਤ ਸਿੱਧੂ ਨੇ ਇਕ ਔਰਤ ਨੇ ਚੱਪਲ ਸੁੱਟ ਦਿੱਤੀ, ਜਿਸ ਤੋਂ ਬਾਅਦ ਜਨ ਸਭਾ ਬੰਦ ਹੋ ਗਈ ਅਤੇ ਹੰਗਾਮਾ ਸ਼ੁਰੂ ਹੋ ਗਿਆ। ਦੇਖਦੇ ਹੀ ਦੇਖਦੇ ਕਾਂਗਰਸੀ ਵਰਕਰ ਭੜਕ ਗਏ ਅਤੇ ਉਨ੍ਹਾਂ ਨੇ ਚੱਪਲ ਸੁੱਟਣ ਵਾਲੀ ਔਰਤ ਨੂੰ ਘੇਰ ਲਿਆ। ਹਾਲਾਂਕਿ ਪਹਿਲਾਂ ਤਾਂ ਪੁਲਸ ਕਰਮਚਾਰੀਆਂ ਨੇ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਬਾਅਦ 'ਚ ਵਰਕਰਾਂ ਨੇ ਪੁਲਸ ਦੇ ਸਾਹਮਣੇ ਹੀ ਔਰਤ ਨੂੰ ਥੱਪੜ ਮਾਰ ਦਿੱਤੇ। ਪੁਲਸ ਨੇ ਚੱਪਲ ਸੁੱਟਣ ਵਾਲੀ ਔਰਤ ਨੂੰ ਹਿਰਾਸਤ 'ਚ ਲੈ ਲਿਆ ਹੈ।
ਕਾਂਗਰਸੀ ਵਰਕਰਾਂ ਨੇ ਔਰਤ ਨੂੰ ਮਾਰੇ ਥੱਪੜ
ਦੱਸਣਯੋਗ ਹੈ ਕਿ ਦੀਪੇਂਦਰ ਹੁੱਡਾ ਦੇ ਪੱਖ 'ਚ ਵੋਟ ਮੰਗਣ ਲਈ ਇਕ ਜਨ ਸਭਾ ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ ਬਤੌਰ ਮੁੱਖ ਬੁਲਾਰਾ ਨਵਜੋਤ ਸਿੱਧੂ ਨੂੰ ਬੁਲਾਇਆ ਗਿਆ ਸੀ। ਬੁੱਧਵਾਰ ਦੇਰ ਸ਼ਾਮ ਜਦੋਂ ਜਨ ਸਭਾ ਚੱਲ ਰਹੀ ਸੀ ਤਾਂ ਇਸੇ ਦੌਰਾਨ ਭੀੜ ਦਰਮਿਆਨ ਇਕ ਔਰਤ ਨੇ ਨਵਜੋਤ ਸਿੰਘ ਸਿੱਧੂ ਵੱਲ ਚੱਪਲ ਸੁੱਟ ਦਿੱਤੀ। ਇਕ ਪਾਸੇ ਜਿੱਥੇ ਪੁਲਸ ਨੇ ਸਿੱਧੂ ਦੀ ਸੁਰੱਖਿਆ ਵਧਾ ਦਿੱਤੀ, ਉੱਥੇ ਹੀ ਦੂਜੇ ਪਾਸੇ ਪੁਲਸ ਕਰਮਚਾਰੀਆਂ ਨੇ ਚੱਪਲ ਸੁੱਟਣ ਵਾਲੀ ਔਰਤ ਨੂੰ ਘੇਰ ਕੇ ਉਸ ਨੂੰ ਹਿਰਾਸਤ 'ਚ ਲਿਆ ਪਰ ਕਾਂਗਰਸੀ ਵਰਕਰਾਂ ਨੇ ਪੁਲਸ ਦੀ ਮੌਜੂਦਗੀ 'ਚ ਹੀ ਉਸ ਔਰਤ ਦੇ ਮੂੰਹ 'ਤੇ ਦੇਖਦੇ ਹੀ ਦੇਖਦੇ ਕਈ ਥੱਪੜ ਮਾਰ ਦਿੱਤੇ।
ਜਨ ਸਭਾ 'ਚ ਲੱਗੇ ਮੋਦੀ-ਮੋਦੀ ਦੇ ਨਾਅਰੇ
ਕੁਝ ਦੇਰ ਬਾਅਦ ਹੀ ਮੌਕੇ 'ਤੇ ਕੁਝ ਬਾਹਰੀ ਲੋਕ ਵੀ ਆ ਗਏ ਅਤੇ ਉਨ੍ਹਾਂ ਨੇ ਕਾਂਗਰਸੀ ਵਰਕਰਾਂ ਦੇ ਸਾਹਮਣੇ ਮੋਦੀ-ਮੋਦੀ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਤਣਾਅ ਦੀ ਸਥਿਤੀ ਬਣ ਗਈ ਅਤੇ ਨਾਅਰੇਬਾਜ਼ੀ ਕਰਨ ਵਾਲੇ ਲੋਕ ਅਤੇ ਕਾਂਗਰਸੀ ਵਰਕਰ ਆਹਮਣੇ-ਸਾਹਮਣੇ ਹੋ ਗਏ।