ਵਾਸ਼ਿੰਗਟਨ, (ਏਜੰਸੀ) : ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਤੇ ਲੱਗੇ ਮਹਾਂਦੋਸ਼ਾਂ ਦਾ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਚੱਲ ਰਹੇ ਮਹਾਦੋਸ਼ ਦੌਰਾਨ ਸਦਨ ਦੇ ਡੈਮੋਕ੍ਰੇਟ ਮੈਂਬਰਾਂ ਨੇ ਵੀਰਵਾਰ ਨੂੰ ਕਈ ਗੰਭੀਰ ਦੋਸ਼ ਲਗਾਏ ਹਨ। ਇਨ੍ਹਾਂ ਮੈਂਬਰਾਂ ਨੇ ਕਿਹਾ ਕਿ ਅਮਰੀਕੀ ਸੰਸਦ ਭਵਨ 'ਤੇ ਧਾਵਾ ਬੋਲਣ ਵਾਲੇ ਲੋਕਾਂ ਨੇ ਟਰੰਪ ਦੇ ਹੁਕਮਾਂ ਕਾਰਨ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਸੀ।
ਇਨ੍ਹਾਂ ਮੈਂਬਰਾਂ ਨੇ ਕਿਹਾ ਕਿ ਸੰਸਦ ਭਵਨ 'ਤੇ ਹਿੰਸਾ ਵਿਚ ਸ਼ਾਮਲ ਲੋਕਾਂ ਦਾ ਕਹਿਣਾ ਸੀ ਕਿ ਉਹ ਰਾਸ਼ਟਰਪਤੀ ਦੇ ਹੁਕਮਾਂ 'ਤੇ ਅਜਿਹਾ ਕਰ ਰਹੇ ਹਨ। ਇਸਤਾਗਾਸਾ ਪੱਖ ਨੇ ਸ਼ੁਰੂਆਤੀ ਦਲੀਲਾਂ ਵਿਚ ਦੱਸਿਆ ਕਿ ਉਨ੍ਹਾਂ ਨੇ ਉਸ ਦਿਨ ਕਿਸ ਤਰ੍ਹਾਂ ਖ਼ੌਫਨਾਕ ਸਥਿਤੀ ਦਾ ਸਾਹਮਣਾ ਕੀਤਾ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ 6 ਜਨਵਰੀ ਦੇ ਹਮਲੇ ਤੋਂ ਪਹਿਲਾਂ ਟਰੰਪ ਨੇ ਆਪਣੇ ਸਮਰਥਕਾਂ ਨੂੰ ਖੁੱਲ੍ਹੇਆਮ ਸਪੱਸ਼ਟ ਨਿਰਦੇਸ਼ ਦਿੱਤੇ ਸਨ। ਪ੍ਰਦਰਸ਼ਨਕਾਰੀਆਂ ਦੇ ਸੋਸ਼ਲ ਮੀਡੀਆ 'ਤੇ ਵੀਡੀਓ ਉਪਲੱਬਧ ਹਨ, ਜਿਸ ਵਿਚ ਉਹ ਕਹਿ ਰਹੇ ਹਨ ਕਿ ਉਹ ਇਹ ਸਭ ਟਰੰਪ ਲਈ ਕਰ ਰਹੇ ਹਨ।
ਹਾਲਾਂਕਿ ਟਰੰਪ ਦੇ ਵਕੀਲਾਂ ਦੀ ਦਲੀਲ ਹੈ ਕਿ ਸਾਬਕਾ ਰਾਸ਼ਟਰਪਤੀ ਨੇ ਸਮਰਥਕਾਂ ਦੀ ਰੈਲੀ ਨੂੰ ਸੰਬੋਧਤ ਕਰਨ ਲਈ ਲੋਕਾਂ ਨੂੰ ਦੰਗੇ ਲਈ ਨਹੀਂ ਭੜਕਾਇਆ। ਸੁਣਵਾਈ ਦੇ ਮੱਦੇਨਜ਼ਰ ਸੰਸਦ ਭਵਨ ਕੋਲ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਟਰੰਪ ਦੇ ਵਕੀਲਾਂ ਨੇ ਸੋਮਵਾਰ ਨੂੰ 78 ਪੰਨ੍ਹਿਆਂ ਦੀ ਰਿਪੋਰਟ ਵਿਚ ਉਨ੍ਹਾਂ ਦਲੀਲਾਂ ਦਾ ਬਿਓਰਾ ਦਿੱਤਾ ਹੈ, ਜਿਨ੍ਹਾਂ ਨੂੰ ਉਹ ਸੁਣਵਾਈ ਦੌਰਾਨ ਦੇਣਾ ਚਾਹੁੰਦੇ ਹਨ। ਦਲੀਲ ਵਿਚ ਕਿਹਾ ਗਿਆ ਹੈ ਕਿ ਟਰੰਪ ਨੇ ਲੋਕਾਂ ਨੂੰ ਸ਼ਾਂਤੀ ਬਣਾ ਕ ਰੱਖਣ ਦੀ ਅਪੀਲ ਕੀਤੀ ਸੀ।