ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁਧ ਮਹਾਦੋਸ਼ ਦੀ ਕਾਰਵਾਈ ਸ਼ੁਰੂ ਕਰਨ ਦਾ ਰਸਤਾ ਪੱਧਰਾ ਹੋ ਗਿਆ ਹੈ, ਹੁਣ ਟਰੰਪ ਖ਼ਿਲਾਫ਼ ਸੈਨੇਟ ਵਿਚ ਮਹਾਦੋਸ਼ ਦੀ ਕਾਰਵਾਈ ਦੀ ਸੰਵਿਧਾਨਿਕਤਾ 'ਤੇ ਹੋਈ ਵੋਟਿੰਗ ਵਿਚ 6 ਰੀਪਬਲਿਕਨ ਮੈਂਬਰਾਂ ਨੇ ਆਪਣੇ ਡੈਮੋਕ੍ਰੈਟਿਕ ਸਹਿਯੋਗੀਆਂ ਦਾ ਸਾਥ ਦਿੱਤਾ। ਸੈਨੇਟ ਨੇ ਟਰੰਪ ਖ਼ਿਲਾਫ਼ ਮਹਾਦੋਸ਼ ਕਾਰਵਾਈ ਦੀ ਸੰਵਿਧਾਨਿਕਤਾ 'ਤੇ 44 ਦੇ ਮੁਕਾਬਲੇ 56 ਵੋਟਾਂ ਨਾਲ ਮੁਹਰ ਲਗਾਈ। ਇਸ ਦੇ ਨਾਲ ਹੀ ਅਮਰੀਕਾ ਦੇ 45ਵੇਂ ਰਾਸ਼ਟਰਪਤੀ 'ਤੇ ਮਹਾਦੋਸ ਦੀ ਕਾਰਵਾਈ ਸ਼ੁਰੂ ਕਰਨ ਦਾ ਰਸਤਾ ਪੱਧਰਾ ਹੋ ਗਿਆ ਹੈ। ਮਹਾਦੋਸ਼ ਦੇ ਤਹਿਤ ਉਹਨਾਂ 'ਤੇ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਲਈ 6 ਜਨਵਰੀ ਨੂੰ ਅਮਰੀਕੀ ਕੈਪੀਟਲ (ਸੰਸਦ ਭਵਨ) ਵਿਚ ਦੰਗਾ ਭੜਕਾਉਣ ਦਾ ਦੋਸ਼ ਲਗਾਇਆ ਗਿਆ ਹੈ।
ਦਲੀਲਾਂ ਰੱਖਣ ਦੀ ਪ੍ਰਕਿਰਿਆ ਬੁੱਧਵਾਰ ਤੋਂ ਸ਼ੁਰੂ ਹੋਵੇਗੀ ਅਤੇ ਦੋਹਾਂ ਪੱਖਾਂ ਨੂੰ 16-16 ਘੰਟੇ ਦਿੱਤੇ ਜਾਣਗੇ। ਇਸ ਮਗਰੋਂ 100 ਮੈਂਬਰੀ ਸੈਨੇਟ ਵਿਚ ਟਰੰਪ ਦੇ ਮਹਾਦੋਸ਼ 'ਤੇ ਵੋਟਿੰਗ ਹੋਵੇਗੀ। ਰੀਪਬਲਿਕਨ ਅਤੇ ਡੈਮੋਕ੍ਰੈਟਿਕ ਦੋਹਾਂ ਦਲਾਂ ਦੇ ਸਦਨ ਵਿਚ 50-50 ਮੈਂਬਰ ਹਨ। ਟਰੰਪ 'ਤੇ ਮਹਾਦੋਸ਼ ਚਲਾਉਣ ਲਈ ਸੈਨਟ ਨੂੰ ਇਸ ਪ੍ਰਸਤਾਵ ਨੂੰ 67 ਵੋਟਾਂ ਨਾਲ ਪਾਸ ਕਰਨਾ ਹੋਵੇਗਾ। ਸੈਨੇਟ ਨੇ ਸ਼ੁਰੂ ਵਿਚ ਟਰੰਪ ਖ਼ਿਲਾਫ਼ ਮਹਾਦੋਸ਼ ਦੀ ਪ੍ਰਕਿਰਿਆ ਵਿਚ ਮੰਗਲਵਾਰ ਨੂੰ 6 ਰੀਪਬਲਿਕਨ ਮੈਂਬਰਾਂ ਨੇ ਡੈਮੋਕ੍ਰੈਟਿਕ ਪਾਰਟੀ ਦਾ ਸਾਥ ਦਿੱਤਾ। ਹੁਣ ਅੱਗੇ ਦੀ ਪ੍ਰਕਿਰਿਆ ਲਈ ਘੱਟੋ-ਘੱਟ 11 ਹੋਰ ਰੀਪਬਲਿਕਨ ਸਾਂਸਦਾਂ ਦੇ ਵੋਟ ਦੀ ਲੋੜ ਹੋਵੇਗੀ।
ਰੀਪਬਲਿਕਨ ਸਾਂਸਦਾਂ ਸੁਸੇਨ ਕੋਲਿੰਸ, ਲਿਸਾ ਮੁਰਕੋਵਸਕੀ, ਮਿਟ ਰੋਮਨੀ, ਬੇਨ ਸਾਸੇ, ਬਿਲ ਕਾਸਿਡੇ ਅਤੇ ਪੈਟ ਟੋਮੀ ਨੇ ਡੈਮੋਕ੍ਰੈਟ ਸਾਂਸਦਾਂ ਦੇ ਨਾਲ ਵੋਟਿੰਗ ਕੀਤੀ। ਮਹਾਦੋਸ਼ ਦੀ ਕਾਰਵਾਈ ਬੁੱਧਵਾਰ ਦੁਪਹਿਰ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਰਾਸ਼ਟਰਪਤੀ ਖ਼ਿਲਾਫ਼ ਮਹਾਦੋਸ਼ ਦੀ ਪ੍ਰਕਿਰਿਆ ਸਿਰਫ ਤਿੰਨ ਵਾਰ ਹੋਈ ਹੈ ਜਿਸ ਵਿਚ ਐਂਡਰਿਊ ਜਾਨਸਨ, ਬਿਲ ਕਲਿੰਟਨ ਅਤ ਫਿਰ ਪਿਛਲੇ ਸਾਲ ਟਰੰਪ ਨੂੰ ਬਰੀ ਕਰ ਦਿੱਤਾ ਗਿਆ। ਟਰੰਫ ਖ਼ਿਲਾਫ਼ ਦੂਜੀ ਵਾਰ ਮਹਾਦੋਸ਼ ਦੀ ਸੁਣਵਾਈ ਹੋ ਰਹੀ ਹੈ। ਉੱਥੇ ਟਰੰਪ ਮਹਾਦੋਸ਼ ਦੀ ਸੁਣਵਾਈ ਦੇ ਪਹਿਲੇ ਦਿਨ ਆਪਣੇ ਅਟਾਰਨੀ ਦੇ
ਪ੍ਰਦਰਸ਼ਨ ਤੋਂ ਨਾਰਾਜ਼ ਹਨ। ਟਰੰਪ ਫਲੋਰੀਡਾ ਦੇ ਪਾਮ ਖੇਤਰ ਵਿਚ 'ਮਾਰ-ਆ-ਲਾਗੋ' ਕਲੱਬ ਤੋਂ ਵਾਸ਼ਿੰਗਟਨ ਵਿਚ ਹੋ ਰਹੀ ਸੁਣਵਾਈ ਦਾ ਪ੍ਰਸਾਰਨ ਦੇਖ ਰਹੇ ਹਨ। ਟਰੰਪ ਦੇ ਸਹਿਯੋਗੀਆਂ ਨੇ ਵੀ ਵਕੀਲਾਂ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ। ਕੁਝ ਰੀਪਬਲਿਕਨ ਸਾਂਸਦਾਂ ਨੇ ਵੀ ਟਰੰਪ ਟੀਮ ਦੇ ਪ੍ਰਦਰਸ਼ਨ 'ਤੇ ਨਾਰਾਜ਼ਗੀ ਜ਼ਾਹਰ ਕੀਤੀ। ਟਰੰਪ 'ਤੇ ਮਹਾਦੋਸ਼ ਦੀ ਪਹਿਲੀ ਕਾਰਵਾਈ ਵੇਲੇ ਉਹਨਾਂ ਦੇ ਪੱਖ ਵਿਚ ਦਲੀਲਾਂ ਰੱਖਣ ਵਾਲੀ ਅਟਾਰਨੀ ਐਲਨ ਦੇਰਸ਼ੋਵਿਤਜ਼ ਨੇ ਕਿਹਾ, ''ਕੋਈ ਬਹਿਸ ਨਹੀਂ ਹੋਈ, ਮੈਨੂੰ ਸਮਝ ਨਹੀਂ ਆ ਰਿਹਾ ਕਿ ਵਕੀਲ ਕੀ ਕਰ ਰਹੇ ਹਨ।'' ਟਰੰਪ ਦੇ ਸਾਬਕਾ ਕਾਰੋਬਾਰ ਸਲਾਹਕਾਰ ਪੀਟਰ ਨਵਾਰੋ ਨੇ ਵੀ ਸਾਬਕਾ ਰਾਸ਼ਟਰਪਤੀ ਤੋਂ ਆਪਣੀ ਕਾਨੂੰਨੀ ਟੀਮ ਨੂੰ ਹਟਾਉਣ ਅਤੇ ਸੁਣਵਾਈ ਤੋਂ ਪਹਿਲਾਂ ਦੂਜੇ ਵਕੀਲ ਨੂੰ ਪੈਰਵੀ ਕਰਨ ਵਾਲੀ ਟੀਮ ਵਿਚ ਰੱਖਣ ਦਾ ਸੁਝਾਅ ਦਿੱਤਾ।