ਮੁਹਾਲੀ : ਹਲਕਾ ਖਰੜ ਦੇ ਸੰਨੀ ਇਨਕਲੇਵ ਵਿੱਚ ਪੈਂਦੇ ਕੇਂਦਰ ਵਿਹਾਰ 'ਚ ਰਹਿਣ ਵਾਲਾ ਇੱਕ ਵਿਅਕਤੀ ਆਪਣੀ ਪਤਨੀ ਦੀ ਹੱਤਿਆ ਕਰਕੇ ਫਰਾਰ ਹੋ ਰਿਹਾ ਸੀ ਪਰ ਰਸਤੇ ਵਿੱਚ ਸੜਕ ਹਾਦਸੇ ਦੌਰਾਨ ਉਸਦੀ ਵੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਬੀਤੀ ਰਾਤ ਦੋਵਾਂ ਪਤੀ ਪਤਨੀ ਵਿਚਾਲੇ ਝਗੜਾ ਹੋਇਆ ਸੀ। ਕਮਰੂਦੀਨ ਵਲੋਂ ਆਪਣੀ ਪਤਨੀ ਵਰਸ਼ਾ ਚੌਹਾਨ ਦਾ ਕਤਲ ਕਰਕੇ ਆਪਣੀ ਗੱਡੀ 'ਤੇ ਸਵਾਰ ਹੋ ਕੇ ਉੱਥੋਂ ਭੱਜ ਗਿਆ। ਚੰਡੀਗੜ੍ਹ ਦੇ ਸਾਰੰਗਪੁਰ ਨੇੜੇ ਉਸਦੀ ਗੱਡੀ ਦੀ ਟੱਕਰ ਇੱਕ ਟਰਾਲੇ ਨਾਲ ਹੋਣ ਕਾਰਨ ਕਮਰੂਦੀਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸਦੀ ਲਾਸ਼ ਨੂੰ ਚੰਡੀਗੜ੍ਹ ਦੇ ਸੈਕਟਰ 16 ਦੇ ਸਿਵਲ ਹਸਪਤਾਲ ਵਿੱਚ ਰਖਵਾਇਆ ਗਿਆ। ਸੰਨੀ ਇਨਕਲੇਵ ਚੌਂਕੀ ਇੰਚਾਰਜ ਹਰਸ਼ ਗੌਤਮ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਤਕਰੀਬਨ 8:30 ਵਜੇ ਇਸ ਕਤਲ ਦੀ ਸੂਚਨਾ ਮਿਲੀ ਸੀ। ਜਿਸਤੋਂ ਬਾਅਦ ਪੁਲੀਸ ਵਲੋਂ ਘਟਨਾ ਸਥਲ ਤੇ ਪਹੁੰਚ ਕੇ ਉੱਥੇ ਕਤਲ ਲਈ ਇਸਤੇਮਾਲ ਕੀਤਾ ਗਿਆ ਚਾਕੂ ਅਤੇ ਕੈਂਚੀ ਬਰਾਮਦ ਕੀਤੀ ਗਈ। ਉਹਨਾਂ ਕਿਹਾ ਕਿ ਮ੍ਰਿਤਕ ਮਹਿਲਾ ਮੂਲ ਰੂਪ ਤੋਂ ਭੋਪਾਲ ਅਤੇ ਉਸਦਾ ਪਤੀ ਕਮਰੂਦੀਨ ਨੋਇਡਾ ਦਾ ਨਿਵਾਸੀ ਦੱਸਿਆ ਜਾ ਰਿਹਾ।