ਕਾਬੁਲ, (ਏਜੰਸੀ) : ਅਫ਼ਗ਼ਾਨਿਸਤਾਨ ਦੇ ਪਛਮੀ ਫ਼ਰਾਹ ਸੂਬੇ ਵਿਚ ਤਾਲਿਬਾਨ ਨੇ ਫ਼ੌਜ ਦੀ ਇਕ ਚੌਕੀ 'ਤੇ ਹਮਲਾ ਕਰ 20 ਫ਼ੌਜੀਆਂ ਦਾ ਕਤਲ ਕਰ ਦਿਤਾ। ਸੂਬਾਈ ਕੌਂਸਲ ਦੇ ਮੈਂਬਰ ਦਾਦੂਲਾਹ ਕਾਨੇਹ ਨੇ ਦਸਿਆ ਕਿ ਅਤਿਵਾਦੀਆਂ ਨੇ ਗੁਲਿਸਤਾਨ ਜ਼ਿਲ੍ਹੇ ਵਿਚ ਦੋ ਫ਼ੌਜੀਆਂ ਨੂੰ ਅਗ਼ਵਾ ਵੀ ਕਰ ਲਿਆ ਜਿਨ੍ਹਾਂ ਬਾਰੇ ਹਾਲੇ ਤਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਤਾਲਿਬਾਨ ਦੇ ਇਕ ਬੁਲਾਰੇ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅਫ਼ਗ਼ਾਨਿਸਤਾਨ ਵਿਚ ਲਗਭਗ 18 ਸਾਲ ਤੋਂ ਚੱਲ ਰਹੇ ਯੁੱਧ ਨੂੰ ਖ਼ਤਮ ਕਰਨ ਲਈ ਸ਼ਾਂਤੀ ਲਈ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ ਪਰ ਇਸ ਦੇ ਬਾਵਜੂਦ ਤਾਲਿਬਾਨ ਹੁਣ ਵੀ ਆਏ ਦਿਨ ਅਫ਼ਗ਼ਾਨਿਤਾਨ ਦੇ ਫ਼ੌਜੀਆਂ 'ਤੇ ਹਮਲੇ ਕਰਦਾ ਰਹਿੰਦਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਤਾਲਿਬਾਨ ਨੇ ਆਤਮਘਾਤੀ ਕਾਰ ਧਮਾਕਾ ਕਰ ਦਿਤਾ ਸੀ ਜਿਸ ਵਿਚ 13 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ। ਗ੍ਰਹਿ ਮੰਤਰਾਲੇ ਨੇ ਦਸਿਆ ਕਿ ਸਾਰੇ ਹਮਲਾਵਰਾਂ ਦੇ ਮਾਰੇ ਜਾਣ ਤੋਂ ਪਹਿਲਾਂ 20 ਨਾਗਰਿਕਾਂ ਸਮੇਤ 55 ਲੋਕ ਜ਼ਖ਼ਮੀ ਹੋਏ ਹਨ।