ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੈਨੇਟ ਵਲੋਂ ਉਨ੍ਹਾਂ ਵਿਰੁਧ ਸ਼ੁਰੂ ਕੀਤੇ ਜਾਣ ਵਾਲੇ ਮਹਾਂਦੋਸ਼ ਦੇ ਮਾਮਲੇ ਦੀ ਸੁਣਵਾਈ ਲਈ ਅਪਣੀ ਕਾਨੂੰਨੀ ਟੀਮ ਦਾ ਐਲਾਨ ਕੀਤਾ ਹੈ। ਟਰੰਪ ਵਿਰੁਧ ਮਹਾਂਦੋਸ਼ ਦੀ ਸੁਣਵਾਈ ਅੱਠ ਫ਼ਰਵਰੀ ਤੋਂ ਸ਼ੁਰੂ ਕੀਤੀ ਜਾਵੇਗੀ। ਦੂਜੀ ਵਾਰ ਮਹਾਂਦੋਸ਼ ਦਾ ਸਾਹਮਣਾ ਕਰ ਰਹੇ ਟਰੰਪ ਅਮਰੀਕੀ ਇਤਿਹਾਸ ਦੇ ਪਹਿਲੇ ਰਾਸ਼ਟਰਪਤੀ ਹੋਣਗੇ। ਉਥੇ ਹੀ ਵ੍ਹਾਈਟ ਹਾਊਸ ਤੋਂ ਵਿਦਾ ਹੋਣ ਤੋਂ ਬਾਅਦ ਮਹਾਂਦੋਸ਼ ਦੀ ਕਾਰਵਾਈ ਦਾ ਸਾਹਮਣਾ ਕਰਨ ਵਾਲੇ ਟਰੰਪ ਅਜਿਹੇ ਪਹਿਲੇ ਸਾਬਕਾ ਰਾਸ਼ਟਰਪਤੀ ਹਨ। ਅਮਰੀਕੀ ਸੰਸਦ ’ਤੇ ਛੇ ਜਨਵਰੀ ਨੂੰ ਹੋਏ ਹਿੰਸਕ ਹਮਲੇ ਨੂੰ ਭੜਕਾਉਣ ਦੇ ਮਾਮਲੇ ਵਿਚ ਡੈਮੋਕ੍ਰੇਟਿਕ ਮੈਂਬਰਾਂ ਨਾਲ ਹੀ 10 ਰਿਪਬਲਿਕਨ ਸਾਂਸਦਾਂ ਨੇ ਵੀ 13 ਜਨਵਰੀ ਨੂੰ ਟਰੰਪ ਵਿਰੁਧ ਮਹਾਂਦੋਸ਼ ਦੀ ਕਾਰਵਾਈ ਦਾ ਸਮਰਥਨ ਕੀਤਾ ਸੀ। ਮਹਾਂਦੋਸ਼ ਦੀ ਕਾਰਵਾਈ ਲਈ ਸੈਨੇਟ ਵਿਚ ਦੋ ਤਿਹਾਈ ਵੋਟਾਂ ਦੀ ਜ਼ਰੂਰਤ ਹੋਵੇਗੀ। ਮੌਜੂਦਾ ਸੌ ਸੀਟਾਂ ਵਾਲੀ ਸੈਨੇਟ ਵਿਚ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਦੋਹਾਂ ਦਲਾਂ ਦੇ 50-50 ਮੈਂਬਰ ਹਨ। ਦੋ ਤਿਹਾਈ ਬਹੁਮਤ ਲਈ ਡੈਮੋਕ੍ਰੇਟਿਕ ਪਾਰਟੀ ਨੂੰ ਰਿਪਬਲਿਕਨ ਪਾਰਟੀ ਦੇ ਘੱਟੋ ਘੱਟ 17 ਸਾਂਸਦਾਂ ਦਾ ਸਮਰਥਨ ਮਿਲਣਾ ਜ਼ਰੂਰੀ ਹੋਵੇਗਾ।
ਸਾਬਕਾ ਰਾਸ਼ਟਰਪਤੀ ਟਰੰਪ ਦੇ ਦਫ਼ਤਰ ਵਲੋਂ ਜਾਰੀ ਬਿਆਨ ਅਨੁਸਾਰ ਮਸ਼ਹੂਰ ਵਕੀਲ ਡੇਵਿਡ ਸਕੋਨ ਅਤੇ ਬਰੂਸ ਐਲ ਕੈਸਟਰ ਜੂਨੀਅਰ ਉਨ੍ਹਾਂ ਦੀ ਟੀਮ ਦੀ ਅਗਵਾੲਂ ਕਰਨਗੇ। ਦੋਹਾਂ ਹੀ ਵਕੀਲਾਂ ਨੇ ਪਿਛਲੇ ਹਫ਼ਤੇ ਮਹਾਂਦੋਸ਼ ਨੂੰ ਗ਼ੈਰ ਸੰਵਿਧਾਨਕ ਦਸਿਆ ਸੀ। ਸਕੋਨ ਨੇ ਕਿਹਾ, ‘‘45ਵੇਂ ਰਾਸ਼ਟਰਪਤੀ ਦੀ ਅਗਵਾਈ ਕਰਨ ਦਾ ਮੌਕਾ ਮਿਲਣ ’ਤੇ ਮੈਂ ਖ਼ੁਸ਼ਕਿਸਮਤੀ ਸਮਝਦਾ ਹਾਂ। ਸਾਡੇ ਸੰਵਿਧਾਨ ਦੀ ਮਜ਼ਬੂਤੀ ਦੀ ਅਜਿਹੀ ਪ੍ਰੀਖਿਆ ਪਹਿਲਾਂ ਕਦੇ ਨਹੀਂ ਹੋਈ।’’