ਇਸਲਾਮਾਬਾਦ : ਪਾਕਿਸਤਾਨ ਵਿਚ 12 ਸਾਲ ਦੀ ਇਕ ਈਸਾਈ ਬੱਚੀ ਨੂੰ ਅਗਵਾ ਕਰ ਕੇ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਫਿਰ ਇਕ ਉਸ ਦਾ ਜ਼ਬਰਦਸਤੀ ਵਿਆਹ ਕਰਾ ਦਿਤਾ ਗਿਆ, ਜਿਸ ਤੋਂ ਬਾਅਦ ਬੱਚੀ ਨੂੰ ਜ਼ੰਜੀਰਾਂ ਵਿਚ ਬੰਨ੍ਹ ਕੇ ਰਖਿਆ ਗਿਆ। ਇਸ ਬੱਚੀ ਨੂੰ 45 ਸਾਲਾ ਮੁਸਲਿਮ ਸ਼ਖਸ ਦੇ ਘਰ ਵਿਚ ਬੰਦੀ ਬਣਾ ਕੇ ਰਖਿਆ ਗਿਆ ਸੀ, ਜਿਥੇ ਸਾਰਾ ਦਿਨ ਉਸ ਕੋਲੋਂ ਜਾਨਵਰਾਂ ਦਾ ਗੋਹਾ ਚੁਕਵਾਇਆ ਜਾਂਦਾ ਸੀ। ਪੁਲਿਸ ਨੇ ਜਦੋਂ ਪਿਛਲੇ ਮਹੀਨੇ ਇਸ ਬੱਚੀ ਨੂੰ ਫ਼ੈਸਲਾਬਾਦ ਵਿਚ ਬਚਾਇਆ ਤਾਂ ਉਸ ਦੀਆਂ ਅੱਡੀਆਂ ’ਤੇ ਜ਼ੰਜੀਰਾਂ ਨਾਲ ਹੋਏ ਜ਼ਖ਼ਮ ਦੇਖੇ ਜਾ ਸਕਦੇ ਸਨ।
ਦੋਸ਼ ਲਗਾਇਆ ਹੈ ਕਿ ਬੱਚੀ ਦੇ ਪ੍ਰਵਾਰ ਨੇ ਪੁਲਿਸ ਵਿਚ ਕਈ ਸ਼ਿਕਾਇਤਾਂ ਕੀਤੀਆਂ ਪਰ ਉਨ੍ਹਾਂ ਦੀ ਆਵਾਜ਼ ਅਣਸੁਣੀ ਕਰ ਦਿਤੀ ਗਈ। ਬੱਚੀ ਦੇ ਪਿਤਾ ਨੇ ਦਸਿਆ ਕਿ, ‘‘ਮੇਰੀ ਧੀ ਨੇ ਮੈਨੂੰ ਦਸਿਆ ਕਿ ਉਸ ਨੂੰ ਗ਼ੁਲਾਮ ਦੀ ਤਰ੍ਹਾਂ ਰਖਿਆ ਗਿਆ। ਉਸ ਨੂੰ ਸਾਰਾ ਦਿਨ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਜਾਨਵਰਾਂ ਦੀ ਗੰਦਗੀ ਸਾਫ਼ ਕਰਵਾਈ ਗਈ। 24 ਘੰਟੇ ਜ਼ੰਜੀਰਾਂ ਵਿਚ ਬੰਨ੍ਹ ਕੇ ਰਖਿਆ ਗਿਆ।’’ ਪ੍ਰਵਾਰ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਬੱਚੀ ਨੂੰ ਪਿਛਲੇ ਸਾਲ ਜੂਨ ਵਿਚ ਅਗਵਾ ਕੀਤਾ ਗਿਆ ਸੀ ਅਤੇ ਕਈ ਵਾਰ ਉਸ ਦਾ ਬਲਾਤਕਾਰ ਕੀਤਾ ਜਾ ਚੁੱਕਾ ਹੈ।