ਗੁਰੂਗ੍ਰਾਮ : ਹਰਿਆਣਾ ਰਾਜ ਵਿਜੀਲੈਂਸ ਬਿਉਰੋ ਨੇ ਥਾਣਾ ਖੇੜਕੀ ਦੌਲਾ ਗੁਰੂਗ੍ਰਾਮ ਦੇ ਮੁੱਖ ਸਿਪਾਹੀ ਅਮਿਤ ਨੂੰ ਉੱਤਮ ਨਗਰ, ਦਿੱਲੀ ਦੇ ਇਕ ਕਾਲ ਸੈਂਟਰ ਮਾਲਕ ਨਵੀਨ ਭੁਟਾਨੀ ਤੋਂ ਪੰਜ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀ ਗ੍ਰਿਫ਼ਤਾਰ ਕੀਤਾ ਹੈ। ਬਿਊਰੋ ਦੇ ਇਕ ਬੁਲਾਰੇ ਅਨੁਸਾਰ, ਨਵੀਨ ਭੁਟਾਨੀ ਨੇ ਬਿਊਰੋ ਵਿਚ ਇਕ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਕਰਨਾਲ ਦੀ ਇਕ ਪਾਰਟੀ ਦੇ ਨਾਲ ਕੁੱਝ ਸਮੇਂ ਬਿਜਨੈਸ ਕੀਤਾ ਸੀ ਅਤੇ ਉਸ ਪਾਰਟੀ ਦੇ ਨਾਲ ਉਸ ਦਾ ਪੈਸਿਆਂ ਦੇ ਲੇਣ-ਦੇਣ ਸਬੰਧੀ ਝਗੜਾ ਹੋ ਗਿਆ ਸੀ। ਇਸ ਸਬੰਧ ਵਿਚ ਉਨ੍ਹਾਂ ਨੇ ਉਸ ਨੂੰ ਅੱਪੂ ਘਰ ਗੁਰੂਗ੍ਰਾਮ ਵਿਚ ਮਿਲਣ ਬੁਲਾਇਆ ਸੀ। ਉੱਥੇ ਕੁੱਝ ਪੁਲਿਸ ਵਾਲੇ ਉਸ ਨੂੰ ਗੱਡੀ ਵਿਚ ਬੈਠਾ ਕੇ ਥਾਨਾ ਖੇੜਕੀ ਦੌਲਾ ਵਿਚ ਐਸ.ਐਚ.ਓ. ਵਿਸ਼ਾਲ ਦੇ ਕੋਲ ਲੈ ਗਏ ਅਤੇ ਐਸ.ਐਚ.ਓ ਨੇ ਆਪਣੇ ਆਫਿਸ ਵਿਚ ਉਸ ਦੇ ਨਾਲ ਮਾਰ ਕੁੱਟ ਕੀਤੀ ਅਤੇ ਉਸ ਦਾ ਲੈਪਟਾਪ ਚੈਕ ਕੀਤਾ। ਲੈਪਟਾਪ ਤੋਂ ਉਸ ਦੇ ਕਾਰੋਬਾਰ ਦੇ ਬਾਰੇ ਵਿਚ ਜਾਣ ਕੇ ਐਸ.ਐਚ.ਓ ਨੇ ਉਸ ਤੋਂ ਇਕ ਕਰੋੜ ਰੁਪਏ ਦੀ ਮੰਗ ਕੀਤੀ ਅਤੇ ਨਾ ਦੇਣ 'ਤੇ ਪੁਰੀ ਉਮਰ ਜੇਲ ਵਿਚ ਕੱਟਣ ਦੀ ਧਮਕੀ ਦਿੱਤੀ। ਡਰ ਦੇ ਮਾਰੇ ਉਸ ਨੇ ਫੋਨ 'ਤੇ ਆਪਣੇ ਘਰ ਵਾਲਿਆਂ ਅਤੇ ਰਿਸ਼ਤੇਦਾਰਾਂ ਨਾਲ ਸੰਪਰਕ ਕਰ 57 ਲੱਖ ਰੁਪਏ ਦਾ ਇੰਤਜ਼ਾਮ ਕੀਤਾ। ਉਸ ਦਿਨ ਉਨ੍ਹਾਂ ਨੇ ਉਸ ਨੂੰ ਇਕ ਫਾਰਮ 'ਤੇ ਰੱਖਿਆ ਅਤੇ ਅਗਲੇ ਦਿਨ ਉਸ ਦੇ ਦੋਸਤ ਮੋਨੂ ਨੇ ਮੁੱਖ ਸਿਪਾਹੀ ਨੂੰ 57 ਲੱਖ ਰੁਪਏ ਦਾ ਬੈਗ ਦਿੱਤੀ ਤਾਂ ਜਾ ਕੇ ਉਨ੍ਹਾਂ ਨੇ ਉਸ ਨੂੰ ਛੱਡਿਆ, ਪਰ ਉਸ ਦੇ ਦਸਤਾਵੇਜ਼ ਤੇ ਲੈਪਟਾਪ ਵਾਪਸ ਨਹੀਂ ਕੀਤਾ। ਉਸ ਦੇ ਬਾਅਦ ਉਸ ਦੀ ਲੈਪਟਾਪ ਤੇ ਦਸਤਾਵੇਜ਼ਾਂ ਬਾਰੇ ਮੁੱਖ ਸਿਪਾਹੀ ਅਮਿਤ ਤੋਂ ਫੋਨ 'ਤੇ ਗੱਲ ਹੁੰਦੀ ਰਹੀ, ਜਿਸ ਨੇ ਉਸ ਨੂੰ ਕਿਹਾ ਕਿ ਲੈਪਟਾਪ ਤੇ ਦਸਤਾਵੇਜ਼ ਦੇਣ ਦੀ ਏਵਜ ਵਿਚ ਐਸ.ਐਚ.ਓ. ਵਿਸ਼ਾਲ 10 ਲੱਖ ਰੁਪਏ ਹੁੋਰ ਮੰਗ ਰਿਹਾ ਹੈ। ਉਸ ਦੇ ਦੱਸਿਆ ਕਿ ਉਸ ਨੇ ਉਸ ਗੱਲਬਾਤ ਦੀ ਰਿਕਾਡਿੰਗ ਕਰ ਲਈ ਹੈ, ਜਿਸ ਵਿਚ ਉਨ੍ਹਾਂ ਨੇ ਉਸ ਦੇ ਲੈਪਟਾਪ ਤੇ ਦਸਤਾਵੇਜ਼ ਦੀ ਏਵਜ ਵਿਚ ਪੰਜ ਲੱਖ ਰੁਪਏ ਪਹਿਲਾਂ ਤੇ ਪੰਜ ਲੱਖ ਰੁਪਏ ਬਾਅਦ ਦੇਣ ਦੀ ਗੱਲ ਕਹੀ ਸੀ। ਬੁਲਾਰੇ ਨੇ ਦੱਸਿਆ ਕਿ ਉਪਰੋਕਤ ਸ਼ਿਕਾਇਤ 'ਤੇ ਜਲਦੀ ਕਾਰਵਾਈ ਕਰਦੇ ਹੋਏ ਬਿਊਰੋ ਵੱਲੋਂ ਇਕ ਟੀਮ ਦਾ ਗਠਨ ਕੀਤਾ ਗਿਆ ਜਿਸ ਨੇ ਮੁੱਖ ਸਿਪਾਹੀ ਅਮਿਤ ਨੂੰ ਪੰਜ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀਂ ਗ੍ਰਿਫ਼ਤਾਰ ਕੀਤਾ।