ਵਾਸ਼ਿੰਗਟਨ : ਮਿਸਟਰ ਟਰੰਪ ਬੇਸ਼ੱਕ ਚੋਣਾਂ ਹਾਰ ਚੁੱਕੇ ਹਨ ਪਰ ਗੱਦੀਓ ਉਤਰਦੇ ਉਤਰਦੇ ਉਨ੍ਹਾਂ ਨੇ ਆਪਣੀ ਯਾਰੀ ਪੁਗਾਉਣ ਦੀ ਸੋਚੀ ਅਤੇ ਇਸੇ ਲਈ ਜਾਂਦੇ ਜਾਂਦੇ ਆਪਣੇ ਪਰਮ ਮਿੱਤਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸਨਮਾਨਤ ਕਰ ਦਿਤਾ। ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਪ੍ਰਧਾਨ ਮੰਤਰੀ ਮੋਦੀ ਦੀ ਵੱਲੋਂ ਇਹ ਤਮਗ਼ਾ ਮਨਜ਼ੂਰ ਕੀਤਾ ਹੈ। ਜਾਣਕਾਰੀ ਮੁਤਾਬਕ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਤੇ ਅਮਰੀਕਾ ਦੀ ਸਿਆਸੀ ਮਿਤਰਤਾ ਵਧਾਉਣ ਲਈ ਅਮਰੀਕਾ ਦੇ ਇਕ ਉੱਚ ਸਨਮਾਨ ‘ਲੀਜਨ ਆਫ ਮੈਰਿਟ ’ ਨਾਲ ਨਵਾਜ਼ਿਆ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਸੀ ਓਬ੍ਰਾਇਨ ਨੇ ਇਸ ਦੀ ਜਾਣਕਾਰੀ ਦਿੱਤੀ। ਓਬ੍ਰਾਇਨ ਨੇ ਟਵੀਟ ਕਰ ਕੇ ਕਿਹਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਲਡੀਰਸ਼ਿਪ ਰਾਹੀਂ ਅਮਰੀਕਾ-ਭਾਰਤ ਦੀ ਸਿਆਸੀ ਸਾਂਝ ਵਧਾਉਣ ਲਈ ‘ਲੀਜਨ ਆਫ ਮੈਰਿਟ’ ਪੇਸ਼ ਕੀਤਾ। ਇਥੇ ਦਸਣਯੋਗ ਹੈ ਕਿ 1942 ਨੂੰ ਕਾਂਗਰਸ ਦੁਆਰਾ ਲੀਜਨ ਆਫ ਮੈਰਿਟ ਮੈਡਲ ਦੀ ਸਥਾਪਨਾ ਕੀਤੀ ਗਈ ਸੀ।
ਲੀਜਨ ਆਫ ਮੈਰਿਟ ਮੈਡਲ ਇਕ ਫਾਈਵ-ਰੇ ਵਾਲਾ ਸਫੈਦ ਕ੍ਰਾਸ ਹੈ ਜਿਸ ਨੂੰ ਲਾਲ ਰੰਗ ਦੀ ਪਰਤ ਚੜਾਈ ਹੁੰਦੀ ਹੈ। ਇਸ ’ਚ 13 ਸਫੈਦ ਸਿਤਾਰਿਆਂ ਵਾਲੇ ਨੀਲੇ ਕੇਂਦਰ ਨਾਲ ਇਕ ਹਰੇ ਰੰਗ ਦੀ ਪੁਸ਼ਪਜਲੀ ਹੈ। ਲੀਜਨ ਆਫ ਮੈਰਿਟ ਤਮਗ਼ਾ ਅਮਰੀਕੀ ਫੌਜ, ਵਿਦੇਸ਼ੀ ਫੌਜ ਮੈਂਬਰਾਂ ਤੇ ਰਾਜਨੀਤਕ ਹਸਤੀਆਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਜਿਨ੍ਹਾਂ ਨੇ ਸ਼ਾਨਦਾਰ ਸੇਵਾਵਾਂ ਤੇ ਉਪਲਬਧੀਆਂ ਦੇ ਪ੍ਰਦਰਸ਼ਨ ’ਚ ਆਸਾਧਾਰਨ ਤੇ ਸ਼ਲਾਘਾਯੋਗ ਕੰਮ ਕੀਤੇ ਹੋਣ। ਇਹ ਸਰਵਉੱਚ ਫੌਜ ਮੈਡਲਾਂ ’ਚੋਂ ਇਕ ਹੈ ਜਿਸਨੂੰ ਵਿਦੇਸ਼ੀ ਅਧਿਕਾਰੀਆਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਜਾਣਕਾਰਾਂ ਮੁਤਾਬਕ ਇਹ ਕਦਮ ਟਰੰਪ ਨੇ ਆਉਣ ਵਾਲੇ ਦਿਨਾਂ ਵਿਚ ਭਾਰਤ ਨਾਲ ਆਪਣੀ ਸਾਂਝ ਬਰਕਰਾਰ ਰਖਣ ਲਈ ਪੁਟਿਆ ਗਿਆ ਹੈ।