ਕਾਲੇ ਕਾਨੂੰਨਾਂ ਖਿਲਾਫ ਪਹਿਲੇ ਦਿਨ ਤੋਂ ਕਿਸਾਨਾਂ ਦੇ ਹੱਕ ਵਿਚ ਖੜ੍ਹੀ ਹੈ ਆਮ ਆਦਮੀ ਪਾਰਟੀ : ਮਾਸਟਰ ਬਲਦੇਵ ਸਿੰਘ ਐਮ ਐੱਲ ਏ ਜੈਤੋਂ
- ਕਿਸਾਨਾਂ ਦੇ ਸਮਰਥਨ 'ਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸਮੇਤ ਅੱਜ ਭੁੱਖ ਹੜਤਾਲ 'ਤੇ ਰਹੇ 'ਆਪ' ਨੇਤਾ
ਮੁਹਾਲੀ : ਖੇਤੀ ਸਬੰਧੀ ਕੇਂਦਰੀ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਦੀ ਅਪੀਲ ਉਤੇ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਵਿਚ ਆਮ ਆਦਮੀ ਪਾਰਟੀ (ਆਪ) ਦੀ ਜ਼ਿਲ੍ਹਾ ਇਕਾਈ ਮੋਹਾਲੀ ਨੇ ਪ੍ਰਭਜੋਤ ਕੌਰ ਦੀ ਅਗਵਾਈ ਵਿਚ ਹਿੱਸਾ ਲਿਆ । ਇਸ ਮੌਕੇ ਉਨ੍ਹਾਂ ਨਾਲ ਮੈਡਮ ਰਾਜ ਲਾਲੀ ਗਿੱਲ, ਮੈਡਮ ਅਮਰਦੀਪ ਸੰਧੂ, ਮੈਡਮ ਸਵਰਨਜੀਤ ਕੌਰ, ਮੈਡਮ ਸਵੀਟੀ ਸ਼ਰਮਾ, ਨਰਿੰਦਰ ਸਿੰਘ ਸ਼ੇਰਗਿੱਲ, ਗੁਰਤੇਜ ਸਿੰਘ ਪੰਨੂ, ਜਗਦੇਵ ਸਿੰਘ ਮਲੋਆ ਅਤੇ ਹੋਰ ਸਥਾਨਕ ਆਗੂ ਸ਼ਾਮਲ ਸਨ।
ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰਭਜੋਤ ਕੌਰ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਵੱਲੋਂ ਪਿਛਲੇ ਜੂਨ ਮਹੀਨੇ ਵਿਚ ਖੇਤੀ ਸਬੰਧੀ ਆਰਡੀਨੈਸ ਲਿਆਉਣ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਉਦੋਂ ਤੋਂ ਇਨ੍ਹਾਂ (ਖੇਤੀ ਕਾਨੂੰਨਾਂ) ਦਾ ਸਪੱਸ਼ਟ ਵਿਰੋਧ ਕਰਦੇ ਹੋਏ ਕਿਸਾਨਾਂ ਦੇ ਹੱਥ ਵਿੱਚ ਡਟੇ ਹੋਏ ਹਨ।
ਆਗੂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ ਉਤੇ ਪਾਰਟੀ ਦੇ ਵਲੰਟੀਅਰਾਂ ਤੋਂ ਲੈ ਕੇ ਆਗੂਆਂ ਤੱਕ ਸਭ ਨੇ ਕਿਸਾਨ ਸੰਘਰਸ਼ ਵਿਚ ਬਤੌਰ ਕਿਸਾਨ ਪੁੱਤਰ ਹਿੱਸਾ ਲਿਆ ਹੈ, ਪ੍ਰੰਤੂ ਪਾਰਟੀ ਦੇ ਝੰਡੇ ਅਤੇ ਏਜੰਡੇ ਨੂੰ ਕਦੇ ਅੱਗੇ ਨਹੀਂ ਕੀਤਾ, ਕਿਉਂਕਿ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ, ਸਗੋਂ ਖੇਤੀ ਅਤੇ ਕਿਸਾਨ ਦੀ ਹੋਂਦ ਨੂੰ ਬਚਾਉਣ ਦਾ ਹੈ। ਕਿਸਾਨ ਅੰਦੋਲਨ ਦੀ ਇਸ ਫੈਸਲਾਕੁੰਨ ਜੰਗ ਨੂੰ ਤਾਂ ਹੀ ਜਿੱਤਿਆ ਜਾ ਸਕਦਾ ਹੈ ਜੇਕਰ ਅਸੀਂ ਸਭ ਇਕਜੁੱਟ ਅਤੇ ਇਕਸੁਰ ਇਸ ਸੰਘਰਸ਼ ਵਿਚ ਕਿਸਾਨਾਂ ਦਾ ਸਾਥ ਦੇਵਾਂਗੇ।
ਉਨ੍ਹਾਂ ਕਿਹਾ ਕਿ ਇਹ ਅੰਦੋਲਨ ਕੇਵਲ ਖੇਤੀਬਾੜੀ ਅਤੇ ਕਿਸਾਨ ਤੱਕ ਸੀਮਤ ਨਹੀਂ ਹੈ, ਇਹ ਹਰ ਵਰਗ ਤੇ ਸ਼੍ਰੇਣੀ ਦੀ ਆਰਥਿਕ ਹਿੱਤਾਂ ਨਾਲ ਜੁੜਿਆ ਹੋਇਆ ਹੈ, ਕਿਉਂਕਿ ਖੇਤੀ ਪ੍ਰਧਾਨ ਦੇਸ਼ ਹੋਣ ਦੇ ਨਾਂ ਉੱਤੇ ਇਥੋਂ ਦੀ ਪੂਰੀ ਆਰਥਿਕਤਾ ਖੇਤੀ ਦੇ ਆਸ-ਪਾਸ ਹੀ ਘੁੰਮਦੀ ਹੈ। ਇਸ ਹਾਲਾਤ ਵਿਚ ਜੇਕਰ ਅੰਨਦਾਤਾ ਹੀ ਨਾ ਬਚਿਆ ਤਾਂ ਬਾਕੀ ਸਭ ਆਪਣੇ-ਆਪ ਨੂੰ ਕਿਵੇਂ ਬਚਾ ਸਕਣਗੇ?
'ਆਪ' ਆਗੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਨੂੰ ਕੋਸਦੇ ਹੋਏ ਕਿਹਾ ਕਿ ਜੇਕਰ ਇਹ ਲੋਕ ਪਹਿਲੇ ਦਿਨ ਤੋਂ ਹੀ ਇਨ੍ਹਾਂ ਕਾਲੇ ਕਾਨੂੰਨਾਂ ਖਿਲਾਫ ਸਪੱਸ਼ਟ ਅਤੇ ਸਖਤ ਸਟੈਂਡ ਲੈਂਦੇ ਤਾਂ ਮੋਦੀ ਸਰਕਾਰ ਤਾਨਾਸ਼ਾਹੀ ਤਰੀਕੇ ਨਾਲ ਇਨ੍ਹਾਂ ਕਾਨੂੰਨਾਂ ਨੂੰ ਥੋਪਣ ਦੀ ਹਿੰਮਤ ਹੀ ਨਾ ਕਰਦੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਅਤੇ ਬਾਦਲ ਵੱਲੋਂ ਮੋਦੀ ਸਰਕਾਰ ਨਾਲ ਮਿਲਕੇ ਅਪਣਾਈ ਗਈ ਦੋਗਲੀ ਨੀਤੀ ਨੇ ਕਿਸਾਨ ਅਤੇ ਪੰਜਾਬ ਦਾ ਭਾਰੀ ਨੁਕਸਾਨ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਸਮਰਥਨ ਵਿਚ ਅੱਜ (ਸੋਮਵਾਰ) ਨੂੰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸਮੇਤ ਸਾਰੇ ਵਿਧਾਇਕ, ਸੰਸਦ ਮੈਂਬਰ, ਸੀਨੀਅਰ ਅਤੇ ਸਥਾਨਕ ਆਗੂ ਅਤੇ ਵਰਕਰ ਭੁੱਖ ਹੜਤਾਲ ਉਤੇ ਰਹੇ।