ਬਾਰਸੀਲੋਨਾ : ਪੂਰਬੀ ਉੱਤਰੀ ਸਪੇਨ ਦੇ ਬਾਦਾਲੋਨਾ ਵਿਚ ਇਕ ਇਮਾਰਤ ਵਿਚ ਅੱਗ ਲੱਗ ਗਈ। ਇਸ ਹਾਦਸੇ ਵਿਚ ਘੱਟੋ-ਘੱਟ 17 ਲੋਕ ਝੁਲਸ ਗਏ ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ। ਬਾਦਾਲੋਨਾ ਦੇ ਮੇਅਰ ਜੇਵੀਅਰ ਗਾਰਸੀਆ ਆਲਬੀਓਲ ਨੇ ਦੱਸਿਆ ਕਿ ਇਮਾਰਤ ਵਿਚ 100 ਤੋਂ ਵੱਧ ਲੋਕ ਗ਼ੈਰ ਕਾਨੂਨੀ ਢੰਗ ਨਾਲਰਹਿ ਰਹੇ ਸਨ ਜਿਨ੍ਹਾਂ ਵਿਚੋਂ 60 ਦਾ ਪਤਾ ਚੱਲ ਸਕਿਆ ਹੈ।
ਅੱਗ ਬੁਝਾਊ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਨੇ ਇਮਾਰਤ ਦੀਆਂ ਖਿੜਕੀਆਂ ਤੋਂ ਕਰੀਬ 30 ਲੋਕਾਂ ਨੂੰ ਬਾਹਰ ਕੱਢਿਆ।
ਵਿਭਾਗ ਦੇ ਮੁਖੀ ਡੇਵਿਡ ਬੋਰੇਲ ਨੇ ਕਿਹਾ ਕਿ ਦਮਕਲ ਕਰਮੀ ਇਮਾਰਤ ਦੇ ਖਾਲੀ ਹੋਣ ਦੀ ਪੁਸ਼ਟੀ ਕਰ ਪਾਉਂਦੇ, ਉਸ ਤੋਂ ਪਹਿਲਾਂ ਹੀ ਛੱਤ ਡਿੱਗ ਗਈ ਜਿਸ ਕਾਰਨ ਤਲਾਸ਼ ਮੁਹਿੰਮ ਜਾਰੀ ਰਖਣਾ ਮੁਸ਼ਕਲ ਹੋ ਗਿਆ ਕਿਉਂਕਿ ਅੱਗ ਉਦੋਂ ਤਕ ਬੁਝਾਈ ਨਹੀਂ ਜਾ ਸਕੀ ਸੀ। ਅਧਿਕਾਰੀਆਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਅੱਗ ਨੂੰ ਬੁਝਾਉਣ ਵਿਚ ਕਈ ਹੋਰ ਘੰਟੇ ਲੱਗਣਗੇ।