ਲੰਡਨ : ਪੰਜਾਬ ਨੈਸ਼ਨਲ ਬੈਂਕ ਨਾਲ ਸਾਢੇ 13 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਵਿਚ ਭਗੌੜਾ ਐਲਾਨੇ ਹੀਰਾ ਕਾਰੋਬਾਰੀ ਨੀਰਵ ਮੋਦੀ 'ਤੇ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਨੀਰਵ ਦੀ ਭਾਰਤ ਹਵਾਲਗੀ ਬਾਰੇ ਫ਼ੈਸਲਾ ਅਗਲੇ ਸਾਲ ਜਨਵਰੀ ਵਿਚ ਹੋ ਜਾਵੇਗਾ। ਲੰਡਨ ਦੇ ਵੈਸਟਮਿੰਸਟ ਕੋਰਟ ਵਿਚ ਹਵਾਲਗੀ ਨੂੰ ਲੈ ਕੇ ਮੰਗਲਵਾਰ ਨੂੰ ਹੋਈ ਸੁਣਵਾਈ ਵਿਚ ਚੀਫ਼ ਮੈਜਿਸਟ੍ਰੇਟ ਐਮਾ ਅਰਬਥਨੌਟ ਨੇ ਨੀਰਵ ਦਾ ਰਿਮਾਂਡ 29 ਦਸੰਬਰ ਤੱਕ ਵਧਾ ਦਿੱਤਾ। ਕੋਰੋਨਾ ਪ੍ਰੋਟੋਕਾਲ ਦੇ ਮੱਦੇਨਜ਼ਰ ਨੀਰਵ ਇਸ ਬਾਰ ਵੀ ਵੈਂਡਸਵਰਥ ਜੇਲ੍ਹ ਤੋਂ ਵੀਡੀਓ ਲਿੰਕ ਦੇ ਜ਼ਰੀਏ ਪੇਸ਼ ਹੋਇਆ। ਚੀਫ ਮੈਜਿਸਟ੍ਰੇਟ ਅਰਬਥਨੌਟ ਨੇ ਸੁਣਵਾਈ ਦੌਰਾਨ ਨੀਰਵ ਮੋਦੀ ਨੂੰ ਦੱਸਿਆ ਕਿ ਹੁਣ ਬਸ ਇੱਕ ਹੋਰ ਛੋਟੀ ਜਿਹੀ ਸੁਣਵਾਈ ਹੋਵੇਗੀ ਅਤੇ ਉਸ ਤੋਂ ਬਾਅਦ ਕੋਰਟ ਅਪਣਾ ਫ਼ੈਸਲਾ ਸੁਣਾਵੇਗੀ।
ਸੁਣਵਾਈ ਦੌਰਾਨ ਵਧੀ ਹੋਈ ਦਾੜ੍ਹੀ ਅਤੇ ਮਰੂਨ ਸਵੈਟਰ ਵਿਚ ਪੇਸ਼ ਹੋਏ ਨੀਰਵ ਮੋਦੀ ਨੇ ਸਿਰਫ ਅਪਣਾ ਨਾਂ ਅਤੇ ਜਨਮ ਤਾਰੀਕ ਬੋਲੀ ਪਰ ਬਾਕੀ ਸਮਾਂ ਉਹ ਚੁੱਪ ਰਿਹਾ। ਕੋਰਟ ਹੁਣ ਇਸ ਮਾਮਲੇ ਦੀ ਫ਼ੈਸਲਾਕੁੰਨ ਸੁਣਵਾਈ ਅਗਲੇ ਸਾਲ 7 ਅਤੇ 8 ਜਨਵਰੀ ਨੂੰ ਕਰੇਗਾ। ਜ਼ਿਲ੍ਹਾ ਜੱਜ ਗੂਜੀ ਉਸ ਦਿਨ ਦੋਵੇਂ ਧਿਰਾਂ ਦੀ ਅੰਤਿਮ ਦਲੀਲ ਸੁਣਨਗੇ। ਇਸ ਤੋਂ ਬਾਅਦ ਉਹ ਇੱਕ ਜਾਂ ਦੋ ਹਫਤਿਆਂ ਵਿਚ ਫ਼ੈਸਲ ਸੁਣਾਉਣਗੇ।