ਚੰਡੀਗੜ੍ਹ : ਖੇਤੀਬਾੜੀ ਬਿੱਲਾਂ ਉਤੇ ਸੂਬਾ ਅਤੇ ਕੇਂਦਰ ਸਰਕਾਰਾਂ ਦਰਮਿਆਨ ਮਤਭੇਦਾਂ ਉਤੇ ਚਿੰਤਾ ਜਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਪੱਸ਼ਟ ਸ਼ਬਦਾਂ ਕਿਹਾ ਕਿ ਅਸੀਂ ਕਾਰਪੋਰੇਟਾਂ ਦੇ ਖਿਲਾਫ ਨਹੀਂ ਹਾਂ ਪਰ ਕਿਸਾਨਾਂ ਦੇ ਹਿੱਤਾਂ ਦੀ ਸੁਰੱਖਿਆ ਅਤੇ ਉਹਨਾਂ ਦੇ ਆੜਤੀਆਂ ਨਾਲ ਲੰਮੇ ਸਮੇਂ ਤੋਂ ਚੱਲ ਰਹੇ ਰਿਸ਼ਤੇ ਦੀ ਕਾਇਮੀ ਲਈ ਕੋਈ ਵਿਧੀ-ਵਿਧਾਨ ਤਾਂ ਬਣਾਉਣਾ ਪਵੇਗਾ। ਉਨਾਂ ਕਿਹਾ ਕਿ ਇਸ ਪ੍ਰਣਾਲੀ ਨੂੰ ਖਤਮ ਕਰਨ ਦੀ ਕੋਈ ਵੀ ਕੋਸ਼ਿਸ਼ ਕੰਮ ਨਹੀਂ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਕੇਂਦਰੀ ਖੇਤੀ ਕਾਨੂੰਨਾਂ ਨੂੰ ਅਸਰਹੀਣ ਬਣਾਉਣ ਲਈ ਪੰਜਾਬ ਵਿਧਾਨ ਸਭਾ ਵਿੱਚ ਬਿੱਲ ਲਿਆਂਦੇ ਹਨ ਅਤੇ ਇਸ ਤੋਂ ਇਲਾਵਾ ਇਸ ਮੁੱਦੇ ਨੂੰ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਹੋਰਨਾਂ ਕੋਲ ਵੀ ਉਠਾਇਆ ਹੈ।ਯੂ.ਐਸ.ਏ.-ਪੰਜਾਬ ਨਿਵੇਸ਼ਕ ਗੋਲਮੇਜ਼ ਕਾਨਫਰੰਸ-2020 ਦੇ ਵਰਚੁਅਲ ਉਦਘਾਟਨੀ ਸੈਸ਼ਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਅਨਾਜ ਸੁਰੱਖਿਆ ਨੂੰ ਯਕੀਨੀ ਬਣਾਇਆ ਜੋ ਅੱਜ ਕਾਫੀ ਹੈ, ਹੋ ਸਕਦਾ ਭਲਕੇ ਨਾ ਹੋਵੇ। ਭਾਵੇਂ ਭਾਰਤ ਅੱਜ ਅਨਾਜ ਨੂੰ ਬਰਾਮਦ ਕਰ ਰਿਹਾ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਵਾਧੂ ਅਨਾਜ ਸਦਾ ਹੀ ਰਹੇਗਾ। ਉਨਾਂ ਕਿਹਾ ਕਿ ਮੁਲਕ ਨੂੰ ਆਪਣੇ ਅੰਨ ਭੰਡਾਰ ਰੱਖਣੇ ਹੋਣਗੇ।ਪੰਜਾਬ ਜੋ ਭਾਰਤ ਦੇ ਜ਼ਮੀਨੀ ਖੇਤਰ ਦਾ 1.5 ਫੀਸਦੀ ਹੋਣ ਦੇ ਬਾਵਜੂਦ ਭਾਰਤ ਦੀ ਜੀ.ਡੀ.ਪੀ. ਵਿੱਚ 3 ਫੀਸਦੀ ਯੋਗਦਾਨ ਪਾਉਂਦਾ ਹੈ, ਵਿੱਚ ਅਮਰੀਕੀ ਕੰਪਨੀਆਂ ਦੀ ਵਧ ਰਹੀ ਦਿਲਚਸਪੀ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਪੰਜਾਬ ਪਹਿਲਾਂ ਹੀ ਖੇਤੀ ਪ੍ਰਧਾਨ ਸੂਬਾ ਹੈ ਅਤੇ ਭਾਰਤੀ ਹਰੀ ਕ੍ਰਾਂਤੀ ਦਾ ਘਰ ਹੈ ਪਰ ਉਹਨਾਂ ਦੀ ਸਰਕਾਰ ਵਿਦੇਸ਼ੀ ਮਾਰਕੀਟ ਵਿੱਚ ਵਧੇਰੇ ਵਾਧੇ ਨਾਲ ਖੇਤੀਬਾੜੀ ਨੂੰ ਵੱਧ ਮੁੱਲ ਵਾਲਾ ਸੈਕਟਰ ਬਣਾਉਣਾ ਚਾਹੁੰਦੀ ਹੈ। ਨਿਵੇਸ਼ਕਾਰਾਂ ਨੂੰ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਸੂਬੇ ਦੇ ਵਿਲੱਖਣ ਕਾਰੋਬਾਰ ਪੱਖੀ ਸੱਭਿਆਚਾਰ ਦਾ ਲਾਭ ਉਠਾਉਣ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਯੂ.ਐਸ.ਏ., ਪੰਜਾਬ ਅਧਾਰਿਤ ਕੰਪਨੀਆਂ ਲਈ ਬਰਾਮਦ ਦਾ ਚੋਟੀ ਦਾ ਟਿਕਾਣਾ ਹੈ ਜੋ ਕਿ ਸਾਲ 2019-2020 ਵਿੱਚ 685 ਮਿਲੀਅਨ ਅਮਰੀਕੀ ਡਾਲਰ ਦੇ ਰੂਪ ਵਿੱਚ ਪੰਜਾਬ ਦੀ ਕੁੱਲ ਬਰਾਮਦ ਦਾ 12 ਫੀਸਦੀ ਬਣਦਾ ਹੈ।ਸ਼ੁਰੂਆਤ ਵਿੱਚ ਮੁੱਖ ਮੰਤਰੀ ਨੇ ਅਮਰੀਕਾ ਨੂੰ ਆਪਣੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਅਤੇ ਜੋਅ ਬਾਇਡਨ ਅਤੇ ਕਮਲਾ ਹੈਰਿਸ ਨੂੰ ਕ੍ਰਮਵਾਰ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਚੁਣਨ ਲਈ ਵਧਾਈ ਦਿੱਤੀ। ਉਨਾਂ ਨੇ ਉਮੀਦ ਜ਼ਾਹਰ ਕੀਤੀ ਕਿ ਅਮਰੀਕਾ ਅਤੇ ਪੰਜਾਬ ਦਰਮਿਆਨ ਮਿਲਵਰਤਣ ਅਤੇ ਮਿੱਤਰਤਾ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ।ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ ਗਤੀਸ਼ੀਲ ਪੰਜਾਬੀ ਐਨ.ਆਰ.ਆਈ. ਵਸੋਂ ਵੱਲੋਂ ਨਿਭਾਈ ਭੂਮਿਕਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੇ ਮੁਲਕਾਂ ਦੀ ਸਫਲਤਾ ਲਈ ਸਖਤ ਮਿਹਨਤ ਕਰ ਰਹੇ ਹਨ ਅਤੇ ਇਸ ਵੇਲੇ ਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਅਮਰੀਕਾ ਅਤੇ ਪੰਜਾਬ ਦਰਮਿਆਨ ਬਣੇ ਤਾਲਮੇਲ ਦੀ ਪ੍ਰਮੁੱਖ ਮਿਸਾਲ ਹੈ।ਭਾਰਤ ਆ ਰਹੀਆਂ ਵੱਖ-ਵੱਖ ਅਮਰੀਕੀ ਕੰਪਨੀਆਂ ਅਤੇ ਹੋਰ ਵਿਦੇਸ਼ੀ ਨਿਵੇਸ਼ਕਾਰਾਂ ਲਈ ਪੰਜਾਬ ਤਰਜੀਹੀ ਥਾਂ ਹੋਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਪੈਪਸੀ ਅਤੇ ਵਾਲਮਾਰਟ ਪੰਜਾਬ ਵਿੱਚ ਆਪਣੇ ਭਾਰਤੀ ਕਾਰਜ ਸ਼ੁਰੂ ਕਰ ਚੁੱਕੇ ਹਨ ਅਤੇ 30 ਤੋਂ ਵੱਧ ਅਮਰੀਕੀ ਕੰਪਨੀਆਂ ਜਿਨਾਂ ਵਿੱਚ ਐਮਾਜੋਨ, ਵਾਲਮਾਰਟ, ਕੁਆਰਕ, ਕਾਰਗਿਲ, ਟਾਈਸੋਨ, ਪੈਪਸੀ, ਕੋਕਾ ਕੋਲਾ ਸ਼ਾਮਲ ਹਨ, ਵੀ ਇਸ ਵੇਲੇ ਪੰਜਾਬ ਵਿੱਚ ਕੰਮ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਹਰਿਆਣਾ ਹਰਿਆਣਾ ਸਰਕਾਰ ਨੇ ਸੂਬੇ ਦੇ ਪੇਂਡੂ ਖੇਤਰਾਂ ਵਿਚ ਸ਼ਹਿਰਾਂ ਦੀ ਤਰਾਂ ਕਾਲੋਨੀਆਂ ਵਿਕਸਿਤ ਕਰਨ ਦਾ ਫੈਸਲਾ ਕੀਤਾ
ਉਦਯੋਗਿਕ ਤੇ ਕਾਰੋਬਾਰੀ ਨੀਤੀ ਵਿੱਚ ਉਨਾਂ ਦੀ ਸਰਕਾਰ ਵੱਲੋਂ ਕੀਤੇ ਵੱਡੀਆਂ ਤਬਦੀਲੀਆਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਇਕ ਸਰਵ ਵਿਆਪਕ ਨੀਤੀ ਹੈ ਜਿਹੜੀ ਵੱਡੇ ਯੂਨਿਟਾਂ, ਐਮ.ਐਸ.ਐਮ.ਈਜ਼ ਤੇ ਸਟਾਰਟ ਅੱਪ ਦੋਵਾਂ, ਨਿਰਮਾਣ ਤੇ ਸੇਵਾ ਖੇਤਰ ਸਾਰਿਆਂ ਨੂੰ ਪ੍ਰੋਤਸਾਹਨ ਦਿੰਦੀ ਹੈ। ਉਨਾਂ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਉਨਾਂ ਦੀ ਸਰਕਾਰ ਨੇ ਆਪਣੀਆਂ ਨੀਤੀਆਂ ਪ੍ਰਤੀ ਵਚਨਬੱਧਤਾਵਾਂ ਦਾ ਸਨਮਾਨ ਕੀਤਾ ਹੈ ਅਤੇ ਇਕ ਸਥਿਰ ਨੀਤੀਗਤ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਕੰਮ ਕੀਤਾ ਹੈ ਤਾਂ ਜੋ ਸਰਕਾਰੀ ਤਬਦੀਲੀਆਂ ਰਾਹੀਂ ਨਿਵੇਸ਼ਕਾਂ ਲਈ ਸਥਿਰਤਾ ਨੂੰ ਯਕੀਨੀ ਬਣਾਇਆ ਜਾ ਸਕੇ। ਉਨਾਂ ਆਪਣੀ ਸਰਕਾਰ ਵੱਲੋਂ ਨਿਵੇਸ਼ਕਾਂ ਨੂੰ ਹੁਲਾਰਾ ਦੇਣ ਅਤੇ ਸੂਬੇ ਵਿੱਚ ਕਾਰੋਬਾਰ ਲਈ ਮਾਹੌਲ ਨੂੰ ਹੋਰ ਬਿਹਤਰ ਬਣਾਉਣ ਲਈ ਚੁੱਕੇ ਕਦਮਾਂ ਨੂੰ ਵੀ ਗਿਣਵਾਇਆ। ਇਸ ਤੋਂ ਇਲਾਵਾ ਪੰਜਾਬ ਕਾਰੋਬਾਰ ਦਾ ਅਧਿਕਾਰ ਕਾਨੂੰਨ, 2020 ਰਾਹੀਂ ਐਮ.ਐਸ.ਐਮ.ਈਜ਼ ਨੂੰ ਸਵੈ-ਪ੍ਰਮਾਣਪੱਤਰ ਦੇ ਆਧਾਰ ਉਤੇ ਜੋ ਸਾਢੇ ਤਿੰਨ ਸਾਲ ਲਈ ਯੋਗ ਹੈ, ਸੂਬੇ ਵਿੱਚ ਕਾਰੋਬਾਰ ਸਥਾਪਤ ਲਈ ਆਗਿਆ ਦੇਣਾ ਵੀ ਸ਼ਾਮਲ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਨਵੈਸਟ ਪੰਜਾਬ (ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ) ਆਪਣੀ ਕਿਸਮ ਦਾ ਇਕ ਅਜਿਹਾ 'ਯੂਨੀਫਾਈਡ ਰੈਗੂਲੇਟਰ' ਮਾਡਲ ਹੈ ਜਿੱਥੇ ਸਿੰਗਲ ਵਿੰਡੋ ਸਰਵਿਸ ਪੋਰਟਲ ਉਤੇ 12 ਤੋਂ ਵੱਧ ਵਿਭਾਗਾਂ ਦੀਆਂ 66 ਤੋਂ ਵੱਧ ਸੇਵਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਇਨਵੈਸਟਮੈਂਟ ਬਿਊਰੋ ਦੇ ਸੀ.ਈ.ਓ. ਨੂੰ ਸੂਬਾ ਪੱਧਰ ਦੀਆਂ ਪ੍ਰਵਾਨਗੀਆਂ ਦੇਣ ਲਈ ਸ਼ਕਤੀਆਂ ਦਿੱਤੀਆਂ ਗਈਆਂ ਹਨ। ਉਨਾਂ ਕਿਹਾ ਕਿ ਨਵੀਂ ਨੀਤੀ ਵਿੱਚ ਵਿਸਥਾਰ ਕਰਨ ਅਤੇ ਨਵੇਂ ਯੂਨਿਟਾਂ ਲਈ ਬਰਾਬਰ ਪ੍ਰੋਤਸਾਹਨ ਦਿੱਤਾ ਗਿਆ ਹੈ ਜਿਸ ਵਿੱਚ ਵਿਲੱਖਣ ਪੁਲਿਸ ਪਹਿਲਕਦਮੀਆ ਜਿਵੇਂ ਕਿ ਜੀ.ਐਸ.ਟੀ. ਦੀ ਭਰਪਾਈ ਅਤੇ ਉਦਾਰਵਾਦੀ ਰੋਜ਼ਗਾਰ ਸਬਸਿਡੀ (ਬਿਨਾਂ ਕਿਸੇ ਨਿਵਾਸ ਦੀ ਪਾਬੰਦੀ ਦੇ) ਵੀ ਸ਼ਾਮਲ ਹਨ।ਪੰਜਾਬ ਦੇ ਉਦਯੋਗਾਂ ਵਿੱਚ ਪ੍ਰਚੱਲਿਤ ਲਿੰਗ ਨਿਰਪੱਖਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਹਰ ਕਿਸਮ ਦੇ ਉਦਯੋਗਾਂ- ਨਿਰਮਾਣ ਤੇ ਸੇਵਾ ਖੇਤਰ ਵਿੱਚ ਪੁਰਸ਼ਾਂ ਤੇ ਮਹਿਲਾਵਾਂ ਲਈ 24 ਘੰਟੇ ਦੀ ਸ਼ਿਫਟ ਦੀ ਇਜਾਜ਼ਤ ਹੈ।ਬਾਅਦ ਵਿੱਚ ਸੂਬੇ 'ਚ ਖੇਡ ਸਨਅਤ ਬਾਰੇ ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵੱਡੇ ਪੱਧਰ 'ਤੇ ਐਮ.ਐਸ.ਐਮ.ਈ. ਦਾ ਗਠਨ ਕੀਤਾ ਗਿਆ ਹੈ। ਸਾਈਕਲਾਂ ਅਤੇ ਸਾਈਕਲਾਂ ਦੇ ਪੁਰਜ਼ਿਆਂ ਦੇ ਉਤਪਾਦਨ ਤੇ ਨਿਰਯਾਤ ਵਿੱਚ ਪੰਜਾਬ ਦੇਸ਼ ਦਾ ਨੰਬਰ ਇਕ ਸੂਬਾ ਹੈ। ਇਸ ਤੋਂ ਇਲਾਵਾ ਭਾਰਤ ਦੇ ਟਰੈਕਟਰ ਉਤਪਾਦਨ ਵਿੱਚ ਪੰਜਾਬ ਦਾ 29 ਫੀਸਦੀ ਹਿੱਸਾ ਹੈ ਅਤੇ ਭਾਰਤ ਵਿੱਚੋਂ ਟਰੈਕਟਰਾਂ ਦੇ ਨਿਰਯਾਤ ਵਿੱਚ ਪੰਜਾਬ ਦੇਸ਼ ਦਾ ਦੂਜਾ ਸੂਬਾ ਹੈ। ਉਨਾਂ ਕਿਹਾ ਕਿ ਭਾਰਤ ਦੀ ਸੈਕੰਡਰੀ ਸਟੀਲ ਮਾਰਕਿਟ ਵਿੱਚ ਪੰਜਾਬ ਦਾ ਹਿੱਸਾ 25 ਫੀਸਦੀ ਹੈ। ਭਾਰਤ ਵਿੱਚ ਹੱਥੀ ਪੁਰਜ਼ੇ ਅਤੇ ਮਸ਼ੀਨਾਂ ਦੇ ਉਤਪਾਦਨ ਵਿੱਚ ਪੰਜਾਬ ਪਹਿਲਾ ਸੂਬਾ ਹੈ। ਉਨਾਂ ਕਿਹਾ ਕਿ ਸਾਈਕਲ ਵੈਲੀ ਦੀ ਸਥਾਪਨਾ ਪ੍ਰਗਤੀ ਅਧੀਨ ਹੈ ਜੋ ਇਸ ਖੇਤਰ ਵਿੱਚ ਵਿਕਾਸ ਨੂੰ ਹੋਰ ਸਿਖਰ 'ਤੇ ਲਿਜਾਏਗੀ।
ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਤੋਂ ਬਾਅਦ ਦੁਨੀਆਂ ਭਰ ਵਿੱਚ ਲੋਕਾਂ ਦੇ ਰਹਿਣ ਵਿੱਚ ਬਹੁਤ ਤਬਦੀਲੀ ਆਈ ਹੈ ਅਤੇ ਸੰਸਾਰ ਇਕ ਹਕੀਕਤ ਬਣ ਗਿਆ ਹੈ। ਇਹ ਦੱਸਦੇ ਹੋਏ ਕਿ ਭਾਰਤ ਤੇ ਅਮਰੀਕਾ ਦੋਵੇਂ ਤਕਨਾਲੋਜੀ ਉਤੇ ਪ੍ਰਫੁੱਲਿਤ ਹਨ, ਉਨਾਂ ਕਿਹਾ ਕਿ ਉਹ ਅਮਰੀਕੀ ਨਿਵੇਸ਼ਕਾਂ ਨੂੰ ਪੰਜਾਬ ਜੋ ਕਿ ਇਕ ਤੋਂ ਵੱਧ ਕਈ ਮਾਮਲਿਆਂ ਵਿੱਚ ਭਾਰਤ ਦਾ ਮਾਣ ਹੈ, ਨੂੰ ਆਪਣੀ ਅਗਲੀ ਮੰਜ਼ਿਲ ਬਣਾਉਣ ਲਈ ਉਤਸ਼ਾਹਤ ਕਰ ਰਹੇ ਹਨ।ਉਨਾਂ ਕਿਹਾ ਕਿ ਪਿਛਲੇ ਇਕ ਦਹਾਕੇ ਦੌਰਾਨ ਪੰਜਾਬ ਦੇ ਫੂਡ, ਹੌਜਰੀ, ਸਿਲਾਈ ਮਸ਼ੀਨਾਂ, ਸਾਈਕਲ ਉਤਪਾਦਨ, ਖੇਡਾਂ ਦਾ ਸਮਾਨ ਦਾ ਖੇਤਰ ਅਤੇ ਹੋਰਨਾਂ ਖੇਤਰਾਂ ਵਿੱਚ ਬਿਹਤਰੀਨ 10 ਫੀਸਦੀ ਆਰਥਿਕ ਵਾਧਾ ਦਰ ਦਰਜ ਕੀਤੀ ਗਈ ਹੈ। ਸਿੱਖਿਆ, ਫੂਡ ਪ੍ਰੋਸੈਸ਼ਨ ਆਦਿ ਖੇਤਰਾਂ ਵਿੱਚ ਵਿਸਥਾਰ ਦੀਆਂ ਅਥਾਹ ਸੰਭਾਵਨਾਵਾਂ ਹਨ। ਰਾਜਦੂਤ ਨੇ ਅਮਰੀਕਾ ਦੇ ਅਰਥਚਾਰੇ ਵਿੱਚ ਪੰਜਾਬੀਆਂ ਦੇ ਬੇਮਿਸਾਲ ਯੋਗਦਾਨ ਦਾ ਵੀ ਜ਼ਿਕਰ ਕੀਤਾ ਜਿਸ ਬਾਰੇ ਸਾਰੇ ਭਲੀ ਭਾਂਤ ਜਾਣੂੰ ਹਨ।ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਸੂਬੇ ਦੀ ਲੀਡਰਸ਼ਿਪ ਦੀ ਕੋਸ਼ਿਸ਼ ਨਿਵੇਸ਼ਕਾਂ ਲਈ ਅਜਿਹਾ ਮਾਹੌਲ ਪ੍ਰਦਾਨ ਕਰਨਾ ਸੀ ਜਿਸ ਨਾਲ ਵੱਧ ਤੋਂ ਵੱਧ ਨਿਵੇਸ਼ ਆਕਰਸ਼ਿਤ ਕੀਤਾ ਜਾ ਸਕੇ। ਉਨਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਸੂਬੇ ਵਿੱਚ ਕੁੱਲ ਨਿਵੇਸ਼ 9 ਮਿਲੀਅਨ ਡਾਲਰ ਤੋਂ ਵੀ ਵੱਧ ਰਿਹਾ ਹੈ ਅਤੇ ਵਿਵਹਾਰਕ ਅਰਥਾਂ ਵਿੱਚ ਕਾਰੋਬਾਰ ਸਥਾਪਤ ਕਰਨ ਦੇ ਅਮਲ ਨੂੰ ਸੁਖਾਲਾ ਕੀਤਾ ਗਿਆ ਹੈ। ਪੰਜਾਬ ਰਾਜ ਜੋ ਕਿ ਭਾਰਤ ਵਿਚ ਹਰੀ ਕ੍ਰਾਂਤੀ ਦਾ ਮੁੱਢ ਸੀ ਅਤੇ ਹੁਣ ਵੀ ਦੇਸ਼ ਦੇ ਅੰਨ ਦਾਤਾ ਵਜੋਂ ਜਾਣਿਆ ਜਾਂਦਾ ਹੈ, ਤੇਜ਼ੀ ਨਾਲ ਉਦਯੋਗੀਕਰਨ ਵਿਸ਼ੇਸ਼ ਕਰਕੇ ਆਟੋ, ਫੂਡ ਪ੍ਰੋਸੈਸਿੰਗ, ਆਈ.ਟੀ., ਸਟਾਰਟ-ਅੱਪਸ, ਸਾਈਕਲ ਉਦਯੋਗਾਂ ਵੱਲ ਵੱਧ ਰਿਹਾ ਹੈ। ਰਾਜ ਵਿੱਚ ਵਧੀਆ ਹਵਾਈ ਅਤੇ ਸੜਕੀ ਸੰਪਰਕ ਵੱਲ ਇਸ਼ਾਰਾ ਕਰਦਿਆਂ ਉਨਾਂ ਕਿਹਾ ਕਿ ਸਰਕਾਰ ਹੁਣ ਵਾਤਾਵਰਣ ਪ੍ਰਣਾਲੀ ਨੂੰ ਹੋਰ ਵੀ ਢੁੱਕਵੀਂ ਅਤੇ ਨਿਵੇਸ਼ਕਾਂ ਲਈ ਹੋਰ ਸੁਖਾਲਾ ਤੇ ਸੁਚੱਜਾ ਬਣਾਉਣ ਲਈ ਆਟੋਮੈਟਿਕ ਪ੍ਰਵਾਨਗੀ ਦੇਣ ਵੱਲ ਕਦਮ ਵਧਾ ਰਹੀ ਹੈ। ਉਨਾਂ ਦੋਵਾਂ ਧਿਰਾਂ ਨੂੰ ਨਿਵੇਸ਼ ਫੋਰਮ 'ਤੇ ਲਿਆਉਣ ਵਿੱਚ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ।ਸੰਮੇਲਨ ਦੀ ਸ਼ੁਰੂਆਤ ਕਰਦਿਆਂ ਯੂ.ਐਸ.ਆਈ.ਐਸ.ਪੀ.ਐਫ ਦੇ ਪ੍ਰਧਾਨ ਅਤੇ ਸੀ.ਈ.ਓ ਮੁਕੇਸ਼ ਅਗਨੀਹੋਤਰੀ ਨੇ ਪੰਜਾਬ ਵੱਲੋਂ ਅਮਰੀਕੀ ਕੰਪਨੀਆਂ ਲਈ ਪੇਸ਼ ਕੀਤੀਆਂ ਨਿਵੇਸ਼ ਸੰਭਾਵਨਾਵਾਂ ਬਾਰੇ ਬੋਲਦਿਆਂ ਕਿਹਾ ਕਿ ਰਾਜ ਸਰਕਾਰ ਵਲੋਂ ਕਾਰੋਬਾਰ ਸਥਾਪਨਾ ਲਈ ਸੁਖਾਲੀ ਅਤੇ ਪਾਰਦਰਸ਼ਿਤ ਪ੍ਰਣਾਲੀ ਨੂੰ ਉਤਸ਼ਾਹਤ ਕਰਨ ਦੇ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਨਿਵੇਸ਼ਕ ਤੇ ਕਾਰੋਬਾਰੀ ਭਾਈਚਾਰੇ ਤੋਂ ਪ੍ਰਾਪਤ ਹੋਈ ਪ੍ਰਤੀਕਿਰਿਆ ਬਹੁਤ ਸਕਾਰਾਤਮਕ ਹੈ।ਆਪਣੇ ਸਮਾਪਤੀ ਭਾਸ਼ਨ ਵਿੱਖ ਪੰਜਾਬ ਦੇ ਉਦਯੋਗ ਸਕੱਤਰ ਅਲੋਕ ਸ਼ੇਖਰ ਨੇ ਕਿਹਾ ਕਿ ਪੰਜਾਬ ਅਮਰੀਕਾ ਦੀਆਂ ਬਹੁਤ ਸਾਰੀਆਂ ਕੰਪਨੀਆਂ ਦੀ ਮਨਪਸੰਦ ਥਾਂ ਰਹੀ ਹੈ ਜਿਨਾਂ ਵਿੱਚੋਂ ਕਈਆਂ ਨੇ ਪਿਛਲੇ ਤਿੰਨ ਸਾਲਾਂ ਵਿੱਚ ਮਹੱਤਵਪੂਰਨ ਢੰਗ ਨਾਲ ਕਾਰਜਾਂ ਦਾ ਵਿਸਥਾਰ ਕੀਤਾ ਹੈ। ਉਨਾਂ ਨੇ ਅਮਰੀਕਾ ਨੂੰ ਅਪੀਲ ਕੀਤੀ ਕਿ ਇਸ ਭਾਈਵਾਲੀ ਨੂੰ ਹੋਰ ਉਤਸ਼ਾਹਤ ਕਰਨ ਲਈ ਮੁਹਾਲੀ ਵਿੱਚ ਇੱਕ ਵਪਾਰ ਕੇਂਦਰ ਸਥਾਪਤ ਕੀਤਾ ਜਾਵੇ।