ਏਡੀਸੀ ‘ਤੇ ਜ਼ਿਲ੍ਹਾ ਪੁਲਿਸ ਮੁੱਖੀ ਨੇ ਹਾਦਸੇ ਵਾਲੀ ਥਾਂ ਦਾ ਲਿਆ ਜਾਇਜ਼ਾ
ਮੁਹਾਲੀ : ਮੁਹਾਲੀ ਦੇ ਹਲਕਾ ਡੇਰਾਬਸੀ ਦੇ ਨਜ਼ਦੀਕ ਦੇ ਪਿੰਡ ਸਰਸੀਨੀ ਸਥਿਤ ਰਾਮਾ ਢਾਬਾ ਤੇ ਤੇਲ ਟੈਂਕਰ ਚ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ ਦੌਰਾਨ ਤਿੰਨ ਵਿਆਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖ਼ਮੀ ਹੋਇਆ ਜਿਸ ਨੂੰ ਇਲਾਜ ਲਈ ਪੀ.ਜੀ.ਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਅਨੁਸਾਰ ਇਹ ਧਮਾਕਾ ਤੇਲ ਟੈਂਕਰ ਵਿੱਚੋਂ ਤੇਲ ਚੋਰੀ ਕਰਦੇ ਸਮੇਂ ਹੋਇਆ । ਇਸ ਧਮਾਕੇ ਵਿੱਚ ਮਰਨ ਵਾਲਿਆਂ ਦੀ ਪਛਾਣ ਜਸਵਿੰਦਰ ਸਿੰਘ, ਬਬਲੂ ਅਤੇ ਵਿਕਰਮ ਵਜੋਂ ਹੋਈ । ਜਿਨ੍ਹਾਂ ਦੀ ਉਮਰ 35, 20 ਅਤੇ 24 ਸਾਲ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਤੇਲ ਟੈਂਕਰ ਦਾ ਡਰਾਇਵਰ ਵੀ ਇਸ ਧਮਾਕੇ ਵਿੱਚ ਜ਼ਖਮੀ ਹੋਇਆ ਹੈ। ਤੇਲ ਟੈਂਕਰ ਚ ਹੋਏ ਧਮਾਕੇ ਦੀ ਖ਼ਬਰ ਮਿਲਣ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਜ਼ਿਲ੍ਹਾ ਪੁਲਿਸ ਮੁੱਖੀ ਸਤਿੰਦਰ ਸਿੰਘ ਅਤੇ ਐਸ.ਡੀ.ਐਮ ਡੇਰਾਬਸੀ ਕੁਲਦੀਪ ਬਾਵਾ ਤੁਰੰਤ ਮੌਕੇ ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ । ਉਨ੍ਹਾਂ ਨੇ ਮੌਕੇ ਤੇ ਇਮਾਰਤ ਚ ਪਈਆਂ ਤਰੇੜਾਂ ਨੂੰ ਵੇਖਦੇ ਹੋਏ ਇਸ ਦੀ ਸੁਰੱਖਿਅਤ ਹੋਣ ਦਾ ਮੁਲਾਂਕਣ ਕਰਨ ਲਈ ਨਿਰਦੇਸ਼ ਦਿੱਤੇ । ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਢਾਬਿਆਂ ਤੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਟੀਮਾਂ ਸਾਂਝੇ ਤੌਰ ਤੇ ਛਾਪੇ ਮਾਰੀ ਕਰਨਗੀਆਂ । ਵਧੀਕ ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ ਨੂੰ ਇਸ ਘਟਨਾ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਅਤੇ ਕਿਹਾ ਕਿ ਅਪਰਾਧਿਕ ਗਤੀਵਿਧੀਆਂ ਕਰਨ ਵਾਲਿਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।