ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਵਿਚਕਾਰ ਬਾਈਡੇਨ 'ਤੇ ਟਰੰਪ ਨੇ ਵੱਡਾ ਜ਼ੁਬਾਨੀ ਹਮਲਾ ਕੀਤਾ ਹੈ। ਬਾਈਡੇਨ ਰਾਸ਼ਟਰਪਤੀ ਚੋਣਾਂ ਵਿਚ 253 ਇਲੈਕਟ੍ਰੋਲ ਵੋਟਾਂ ਨਾਲ ਵ੍ਹਾਈਟ ਹਾਊਸ ਪਹੁੰਚਣ ਦੇ ਨਜ਼ਦੀਕ ਚੱਲ ਰਹੇ ਹਨ ਜਦੋਂ ਕਿ ਟਰੰਪ 214 ਇਲੈਕਟ੍ਰੋਲ ਵੋਟਾਂ ਨਾਲ ਕਾਫੀ ਪਿੱਛੇ ਹਨ। ਇਸ ਵਿਚਕਾਰ ਟਰੰਪ ਨੇ ਬਾਈਡੇਨ ਨੂੰ ਟਵੀਟ ਕਰਕੇ ਚਿਤਾਵਨੀ ਦਿੱਤੀ ਹੈ। ਟਰੰਪ ਨੇ ਟਵੀਟ ਕੀਤਾ, "ਜੋਅ ਬਾਈਡੇਨ ਨੂੰ ਜ਼ਬਰਦਸਤੀ ਰਾਸ਼ਟਰਪਤੀ ਦੇ ਅਹੁਦੇ ਦਾ ਦਾਅਵਾ ਨਹੀਂ ਕਰਨਾ ਚਾਹੀਦਾ। ਮੈਂ ਵੀ ਇਹ ਦਾਅਵਾ ਕਰ ਸਕਦਾ ਹਾਂ। ਕਾਨੂੰਨੀ ਕਾਰਵਾਈ ਹੁਣੇ ਹੀ ਸ਼ੁਰੂ ਹੋ ਰਹੀ ਹੈ।"
ਸੀ. ਐੱਨ. ਐੱਨ. ਦੀ ਰਿਪੋਰਟ ਮੁਤਾਬਕ ਬਾਈਡੇਨ ਪੈਨਸਿਲਵੇਨੀਆ, ਜਾਰਜੀਆ, ਨੇਵੇਦਾ ਅਤੇ ਐਰੀਜ਼ੋਨਾ ਵਿਚ ਲੀਡ ਕਰ ਰਹੇ ਹਨ, ਜਦੋਂਕਿ ਟਰੰਪ ਨਾਰਥ ਕੈਰੋਲੀਨਾ ਵਿਚ ਸਾਬਕਾ ਉਪ ਰਾਸ਼ਟਰਪਤੀ ਬਾਈਡੇਨ ਤੋਂ ਅੱਗੇ ਚੱਲ ਰਹੇ ਹਨ। ਬਾਈਡੇਨ ਪੈਨਸਿਲਵੇਨੀਆ ਵਿਚ 13, 641 ਵੋਟਾਂ ਨਾਲ, ਨੇਵੇਦਾ ਵਿਚ 20, 137 ਅਤੇ ਐਰੀਜ਼ੋਨਾ ਵਿਚ 39, 769 ਵੋਟਾਂ ਨਾਲ ਅੱਗੇ ਚੱਲ ਰਹੇ ਹਨ, ਜਦੋਂ ਕਿ ਜਾਰਜੀਆ ਵਿਚ ਫਸਵਾਂ ਮੁਕਾਬਲਾ ਹੈ ਅਤੇ ਬਾਈਡੇਨ ਸਿਰਫ 1, 616 ਵੋਟਾਂ ਨਾਲ ਲੀਡ ਕਰ ਰਹੇ ਹਨ। ਉੱਥੇ ਹੀ, ਦੂਜੇ ਪਾਸੇ ਨਾਰਥ ਕੈਰੋਲੀਨਾ ਵਿਚ 76, 737 ਵੋਟਾਂ ਨਾਲ ਅੱਗੇ ਚੱਲ ਰਹੇ ਹਨ।