ਪੰਜਾਬ ਦਾ ਹਵਾ ਮਿਆਰੀ ਸੂਚਕ ਅੰਕ ਦਿੱਲੀ ਤੋਂ ਘੱਟ ਪੰਜਾਬ ਨਹੀਂ ਜਿੰਮੇਵਾਰ : ਚੇਅਰਮੈਨ PPCB
ਚੰਡੀਗੜ੍ਹ : ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋ. ਐਸ.ਐਸ. ਮਰਵਾਹਾ ਨੇ ਦਿੱਲੀ ਦੇ ਪ੍ਰਦੂਸ਼ਨ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਦਾਅਵਿਆਂ ਨੂੰ ਦਲੀਲਾਂ ਸਹਿਤ ਨਕਾਰਦਿਆਂ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਨ ਵਿੱਚ ਉਥੋਂ ਦੇ ਅੰਦਰੂਨੀ ਕਾਰਕਾਂ ਦਾ ਹੀ ਯੋਗਦਾਨ ਹੈ, ਜਿਸ ਦਾ ਉੱਚ ਪੱਧਰੀ ਵਿਗਿਆਨਕ ਅਧਿਐਨ ਕਰਵਾਉਣਾ ਅਤਿ ਜਰੂਰੀ ਹੈ। ਚੇਅਰਮੈਨ ਪ੍ਰੋ. ਮਰਵਾਹਾ ਨੇ ਕਿਹਾ ਕਿ ਜਦੋਂ ਝੋਨੇ ਦੇ ਸੀਜਨ ਵਿੱਚ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦਾ ਹਵਾ ਮਿਆਰੀ ਸੂਚਕ ਅੰਕ (ਏ.ਕਿਊ.ਆਈ.) ਹਰਿਆਣਾ ਦੇ ਦਿੱਲੀ ਨਾਲ ਲੱਗਦੇ ਪ੍ਰਮੁੱਖ ਸ਼ਹਿਰਾਂ ਨਾਲੋਂ ਮੁਕਾਬਤਨ ਬਹੁਤ ਘੱਟ ਹੈ ਤਾਂ ਉਸ ਮੌਕੇ ਪੰਜਾਬ ਦੇ ਕਿਸਾਨਾਂ ਸਿਰ ਦਿੱਲੀ ਦੇ ਪ੍ਰਦੂਸ਼ਨ ਦਾ ਦੋਸ਼ ਮੜ•ਨਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਨ ਦੇ ਮੁੱਖ ਕਾਰਕਾਂ ਪੀਐਮ-10 ਅਤੇ ਪੀਐਮ-2.5 (ਧੂੜ ਕਣ) ਕ੍ਰਮਵਾਰ 25 ਤੋਂ 30 ਕਿਲੋਮੀਟਰ ਅਤੇ 100 ਤੋਂ 150 ਕਿਲੋਮੀਟਰ ਦੀ ਦੂਰੀ ਹੀ ਹਵਾ 'ਚ ਤੈਅ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਮਿਸਾਲ ਵਜੋਂ ਪਟਿਆਲਾ ਦੇ ਧੂੜ ਕਣ ਅੰਬਾਲਾ ਤੱਕ ਤਾਂ ਪਹੁੰਚ ਨਹੀਂ ਸਕਦੇ ਤਾਂ ਫਿਰ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਪਰਾਲੀ ਦਾ ਧੂੰਆਂ ਦਿੱਲੀ ਦੇ ਪ੍ਰਦੂਸ਼ਨ ਲਈ ਜ਼ਿੰਮੇਵਾਰ ਹੈ। ਪ੍ਰੋ. ਮਰਵਾਹਾ ਨੇ ਇਸ ਮੌਕੇ ਕੰਪਿਊਟਰ 'ਤੇ ਪੇਸ਼ਕਾਰੀ ਸਹਿਤ ਤੱਥਾਂ ਨੂੰ ਪੇਸ਼ ਕਰਦਿਆਂ ਦੱਸਿਆ ਕਿ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਖੰਨਾ, ਮੰਡੀ ਗੋਬਿੰਦਗੜ੍ਹ ਤੇ ਪਟਿਆਲਾ ਦੇ ਮੁਕਾਬਲਤਨ ਸੋਨੀਪਤ, ਪਾਣੀਪਤ, ਕਰਨਾਲ ਤੇ ਜੀਂਦ ਦੇ ਮਿਆਰੀ ਹਵਾ ਸੂਚਕ ਅੰਕ ਦਾ ਪੱਧਰ ਬਹੁਤ ਹੀ ਖਰਾਬ ਹੈ ਜਦਕਿ ਪੰਜਾਬ 'ਚ ਪਰਾਲੀ ਦੀ ਸਾਂਭ-ਸੰਭਾਲ ਦੇ ਸੀਜਨ ਦੌਰਾਨ ਇਹ ਸੂਚਕ ਅੰਕ ਸੰਤੋਖਜਨਕ ਤੋਂ ਦਰਮਿਆਨਾ ਹੈ। ਇਸ ਤੋਂ ਭਲੀਭਾਂਤ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਨੂੰ ਬਿਨ੍ਹਾ ਵਜ੍ਹਾ ਹੀ ਦਿੱਲੀ ਦੇ ਪ੍ਰਦੂਸਨ ਦਾ ਦੋਸ਼ੀ ਬਣਾਇਆ ਜਾ ਰਿਹਾ ਹੈ।
ਚੇਅਰਮੈਨ ਨੇ ਝੋਨੇ ਦੇ ਸੀਜਨ ਦੇ ਨਿਪਟਾਰੇ ਤੋਂ ਬਾਅਦ ਦੇ ਮਹੀਨਿਆਂ ਦਸੰਬਰ, ਜਨਵਰੀ ਤੇ ਫਰਵਰੀ ਦਾ ਵਿਸ਼ੇਸ਼ ਹਵਾਲਾ ਦਿੰਦਿਆਂ ਕਿਹਾ ਕਿ ਦਿੱਲੀ ਤੇ ਇਸਦੇ ਆਸਪਾਸ ਦੇ ਇਲਾਕਿਆਂ 'ਚ ਇਨ੍ਹਾਂ ਮਹੀਨਿਆਂ ਦੌਰਾਨ ਪਾਏ ਜਾਂਦੇ ਪ੍ਰਦੂਸ਼ਨ ਦਾ ਕਿਸ ਨੂੰ ਦੋਸ਼ੀ ਮੰਨਿਆ ਜਾਵੇਗਾ, ਕਿਉਂਜੋ ਉਸ ਮੌਕੇ ਤਾਂ ਪੰਜਾਬ 'ਚ ਪਰਾਲੀ ਨੂੰ ਅੱਗ ਲੱਗਣ ਵਾਲੀ ਕੋਈ ਘਟਨਾ ਨਹੀਂ ਹੋ ਰਹੀ ਹੁੰਦੀ। ਪ੍ਰੋ. ਮਰਵਾਹਾ ਨੇ ਕਿਹਾ ਕਿ ਧੂੜਕਣਾਂ ਦੀ ਪੀਐਮ-2.5 ਸ਼੍ਰੇਣੀ ਦਾ ਅਪ੍ਰੈਲ 2019 ਤੇ 2020 ਦੇ ਤੁਲਨਾਤਮਕ ਅਧਿਐਨ ਤੋਂ ਦਿੱਲੀ ਦੀ ਹਵਾ ਨੂੰ ਪ੍ਰਦੂਸ਼ਿਤ ਕਰਨ ਵਾਲੇ ਅੰਦਰੂਨੀ ਕਾਰਕਾਂ ਦਾ ਪਤਾ ਲਗਾਇਆ ਜਾ ਸਕਦਾ ਹੈ, ਕਿਉਂਜੋ ਲਾਕਡਾਊਨ ਦੌਰਾਨ ਵੀ ਦਿੱਲੀ ਦਾ ਮਿਆਰੀ ਹਵਾ ਸੂਚਕ ਅੰਕ ਕੋਈ ਜ਼ਿਆਦਾ ਸੰਤੋਖਜਨਕ ਨਹੀਂ ਪਾਇਆ ਗਿਆ।