ਬਾਰ੍ਹਵੀਂ ਸਦੀ ਦਾ ਦਰਵੇਸ਼ ਫਕੀਰ ਬਾਬਾ ਫਰੀਦ ਸ਼ਕਰਗੰਜ ਆਪਣੇ ਪਵਿੱਤਰ ਕਲਾਮ ਰਾਹੀਂ ਮਨੁੱਖ ਮਾਤਰ ਨੂੰ ਜੀਵਨ ਸੇਧ ਸਬੰਧੀ ਇਸ਼ਾਰੇ ਕਰਦਿਆਂ ਕਹਿੰਦਾ ਹੈ 'ਜੇ ਤੂੰ ਰੌਸ਼ਨ ਦਿਮਾਗ ਅਤੇ ਬਰੀਕ ਬੁੱਧੀ ਵਾਲਾ ਇਨਸਾਨ ਹੈਂ ਤਾਂ ਜੀਵਨ ਵਿਚ ਕੋਈ ਅਜਿਹਾ ਕਰਮ ਨਾ ਕਰ ਜਿਸ ਨਾਲ ਤੈਨੂੰ ਰੱਬ ਦੀ ਦਰਗਾਹ 'ਚ ਜਾ ਕੇ ਸ਼ਰਮਿੰਦਾ ਹੋਣਾ ਪਵੇ। ਉਹ ਆਪਣੇ ਪੈਰੋਕਾਰਾਂ ਨੂੰ ਕਾਲੇ-ਕਰਮ ਕਰਨ ਅਤੇ ਕਾਲੀ ਕਮਾਈ ਤੋਂ ਦੂਰ ਰਹਿਣ ਦਾ ਪੈਗ਼ਾਮ ਦਿੰਦਾ ਹੈ।ਹੁਣ 12ਵੀਂ ਸਦੀ ਦੇ ਹਿੰਦਸੇ ਬਦਲ ਰਹੇ ਹਨ। ਅਸੀਂ 21ਵੀਂ ਸਦੀ ਵਿਚ ਪ੍ਰਵੇਸ਼ ਕਰ ਰਹੇ ਹਾਂ। ਇਨ੍ਹਾਂ ਹਿੰਦਸਿਆਂ ਦੇ ਸਥਾਨ ਪਰਿਵਰਤਨ ਨਾਲ ਜੀਵਨ ਦੀਆਂ ਕਦਰਾਂ-ਕੀਮਤਾਂ ਅਤੇ ਸਿਧਾਂਤ ਵੀ ਬਦਲ ਗਏ ਲੱਗਦੇ ਹਨ। ਅੱਜ ਕਾਲੇ ਕਰਮ ਅਤੇ ਕਾਲੀ ਕਮਾਈ ਕਰਨ ਵਾਲੇ ਸਮਾਜ ਵਿਚ ਪਤਵੰਤੇ ਬਣ ਗਏ ਹਨ। ਗੱਲ ਇੱਥੇ ਹੀ ਨਹੀਂ ਮੁੱਕਦੀ।ਸਮਿਆਂ ਦਾ ਹਾਕਮ ਬੜੇ ਫਖ਼ਰ ਨਾਲ ਐਲਾਨ ਕਰਦਾ ਹੈ ਕਿ ਮੈਂ ਕਾਲੀ ਕਮਾਈ ਵਾਪਸ ਲੈ ਕੇ ਆਵਾਂਗਾ ਅਤੇ ਤੁਹਾਡੇ ਖਾਤਿਆਂ ਵਿਚ 15-15 ਲੱਖ ਰੁਪਿਆ ਜਮ੍ਹਾ ਕਰਵਾ ਦਿਆਂਗਾ। ਭੋਲੀ ਜਨਤਾ ਵੀ ਉਸ ਦੇ ਭਰਮ ਜਾਲ ਵਿਚ ਫਸ ਜਾਂਦੀ ਹੈ। ਸਾਰਿਆਂ ਨੂੰ ਉਡੀਕ ਹੈ ਕਾਲੀ ਕਮਾਈ ਦੇ ਕਰੋੜਾਂ ਰੁਪਏ ਕਦੋਂ ਉਨ੍ਹਾਂ ਦੀਆਂ ਜੇਬਾਂ ਦਾ ਭਾਗ ਅਤੇ ਭਾਰ ਬਣਨਗੇ ਪਰ ਉਹ ਭੋਲੇ ਨਹੀਂ ਜਾਣਦੇ ਕਿ ਇਨ੍ਹਾਂ ਲੀਡਰਾਂ ਦੀ ਕਥਨੀ ਤੇ ਕਰਨੀ ਇਕ ਨਹੀਂ ਹੁੰਦੀ।ਪੰਦਰਵੀਂ ਸਦੀ ਦਾ ਬਾਬਾ ਨਾਨਕ 'ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ' ਵੱਲ ਇਸ਼ਾਰਾ ਕਰਦਾ ਹੈ। ਅਜਿਹੇ ਲੋਕਾਂ ਨੂੰ ਬਾਬਾ ਫਰੀਦ 'ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ' ਕਹਿ ਕੇ ਨਕਾਰਦਾ ਹੈ। ਬਾਬਾ ਤਾਂ ਅਜਿਹੇ ਠੱਗਾਂ ਨੂੰ ਆਪਣੇ ਅੰਦਾਜ਼ ਨਾਲ ਝੰਜੋੜ ਕੇ ਉਨ੍ਹਾਂ ਦੇ ਅੰਦਰ ਛੁਪੀ ਕਾਲਖ ਵੱਲ ਸੰਕੇਤ ਕਰਦਾ ਹੈ। ਉਹ ਉਸ ਦਾ ਇਸ਼ਾਰਾ ਸਮਝ ਕੇ, ਸੱਜਣ ਬਣ ਕੇ ਆਪਣੇ ਗ਼ੁਨਾਹਾਂ ਤੋਂ ਤੌਬਾ ਕਰਦਾ ਹੋਇਆ ਉਸ ਅੱਗੇ ਸਿਰ ਨਿਵਾ ਦਿੰਦਾ ਹੈ।ਬਾਬਾ ਤਾਂ ਮਲਕਾਂ ਨੂੰ ਕੋਧਰੇ 'ਚੋਂ ਦੁੱਧ ਅਤੇ ਪੂੜਿਆਂ 'ਚੋਂ ਲਹੂ ਟਪਕਾ ਕੇ ਜੀਵਨ-ਜਾਚ ਦਾ ਸਬਕ ਪੜ੍ਹਾਉਂਦਾ ਹੈ। ਉਹ ਮਲਕਾਂ ਨੂੰ ਸਪਸ਼ਟ ਕਰ ਦਿੰਦਾ ਹੈ 'ਮਾਰਣੁ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ'। ਉਹ ਉਨ੍ਹਾਂ ਨੂੰ ਸੁੱਚੀ ਕਿਰਤ ਦੀ ਕਮਾਈ ਦੀਆਂ ਬਰਕਤਾਂ ਨਾਲ ਜੋੜਦਾ ਹੈ। ਪਰ ਅੱਜ ਵੀ ਉਸ ਦੇ ਨਾਮ ਲੇਵਾ ਅਖਵਾਉਣ ਵਾਲੇ ਕਾਲੀ ਕਮਾਈ ਦੇ ਧਨ ਨਾਲ ਅਖੰਡ ਪਾਠ ਕਰਾ ਕੇ, ਕੀਰਤਨ ਕਰਾ ਕੇ ਅਤੇ ਲੰਗਰ ਲਾ ਕੇ ਬਾਕੀ ਦੇ ਕਾਲੇ ਧਨ ਨੂੰ ਚਿੱਟਾ ਕਰਨ ਦਾ ਭਰਮ ਪਾਲ ਰਹੇ ਹਨ।ਅਜਿਹੇ ਲੋਕ ਤਾਂ ਬਾਬੇ ਨਾਨਕ ਨਾਲ ਵੀ ਠੱਗੀ ਮਾਰਨੋਂ ਬਾਜ਼ ਨਹੀਂ ਆਉਂਦੇ ਜਿਸ ਦੀ ਤਿੱਖੀ ਬਾਜ਼ ਅੱਖ ਹੰਸ ਅਤੇ ਬਗਲੇ 'ਚ ਨਿਖੇੜਾ ਕਰਨ ਦੀ ਸਮਰੱਥਾ ਰੱਖਦੀ ਹੈ। ਰੰਗ ਦੀ ਸਫੇਦੀ ਨਾਲ ਕੋਈ ਬਗਲਾ, ਹੰਸ ਨਹੀਂ ਬਣ ਜਾਂਦਾ। ਹੰਸ ਤਾਂ ਸਿਰਫ਼ ਮੋਤੀ ਚੁਗਦੇ ਹਨ।
ਇਹ ਵੀ ਪੜ੍ਹੋ : ਮਹਾਰਾਣੀ ਜਿੰਦ ਕੌਰ ਦੇ ਗਹਿਣਿਆਂ ਵਿਚੋਂ ਮਹਾਰਾਣੀ ਦਾ ਚੰਦ ਟਿੱਕਾ ਲੰਡਨ ਵਿਚ ਨੀਲਾਮ
ਉਹ ਜੇ ਭੁੱਲ-ਭੁਲੇਖੇ ਕੱਲਰ ਦੀ ਛੱਪੜੀ 'ਤੇ ਆ ਹੀ ਜਾਣ ਤਾਂ 'ਚਿੰਜੂ ਬੋੜਨਿ ਨਾ ਪੀਵਹਿ ਉਡਣ ਸੰਦੀ ਡੰਙ' ਦੇ ਗੁਰ ਕਥਨ ਅਨੁਸਾਰ ਉਸ ਜ਼ਹਿਰ ਦਾ ਸੇਵਨ ਨਹੀਂ ਕਰਦੇ। ਮਨੁੱਖ ਨੂੰ ਕਿੱਤਾ ਚੁਣਨ ਲੱਗਿਆਂ ਵੀ ਆਪਣੇ ਸੁਭਾਅ, ਸੰਸਕਾਰਾਂ ਅਤੇ ਬਿਰਤੀਆਂ ਨੂੰ ਚੇਤੇ ਰੱਖਣਾ ਚਾਹੀਦਾ ਹੈ। ਡਾਕਟਰ ਤੇ ਪੁਲਿਸ ਵਾਲੇ ਕੋਲ ਦੁਖੀ ਬੰਦੇ ਹੀ ਆਉਂਦੇ ਹਨ ਪਰ ਜੇ ਉਸ ਦੇ ਹਿਰਦੇ, ਉਸ ਦੇ ਬੋਲਾਂ ਵਿਚ ਮਿਠਾਸ ਅਤੇ ਸੁਭਾਅ ਵਿਚ ਨਿਮਰਤਾ ਅਤੇ ਹਮਦਰਦੀ ਹੋਵੇ ਤਾਂ ਉਹ ਉਸ ਦੇ ਦਰੋਂ ਮੁਸਕਰਾਉਂਦੇ ਨਿਕਲਦੇ ਹਨ ਪਰ ਬਹੁਤ ਵਾਰੀ ਅਜਿਹਾ ਨਹੀਂ ਹੁੰਦਾ।ਪਟਿਆਲੇ ਦੇ ਦੋ ਭਰਾ ਡਾਕਟਰ ਹੁੰਦੇ ਸਨ। ਇਕ, ਮਨੁੱਖੀ ਹਮਦਰਦੀ ਅਤੇ ਦੂਜਾ, ਤ੍ਰਿਸ਼ਨਾ ਦੀ ਭੁੱਖ ਨਾਲ ਲਬਾ-ਲਬ ਭਰਿਆ ਹੋਇਆ ਸੀ। ਇਕ ਦੀ ਸੰਸਾਰ ਤੋਂ ਵਿਦਾਇਗੀ ਸਮੇਂ ਮੀਲਾਂ ਤਕ ਪਟਿਆਲੇ ਦੇ ਬਾਗ਼ਾਂ 'ਚ ਕੋਈ ਫੁੱਲ ਨਹੀਂ ਸੀ ਬਚਿਆ ਪਰ ਤ੍ਰਿਸ਼ਨਾ ਦੀ ਅੱਗ ਵਿਚ ਸੜਨ ਵਾਲੇ ਦੀ ਦੇਹ ਨੂੰ ਅਗਨੀ ਵੀ ਨਸੀਬ ਨਾ ਹੋਈ। ਸੰਗਰੂਰ ਹਸਪਤਾਲ ਵਿਚ ਵਧੇਰੇ ਭੀੜ ਮੈਡੀਸਨ ਦੇ ਡਾਕਟਰਾਂ ਕੋਲ ਹੀ ਹੁੰਦੀ ਹੈ। ਇਹ ਚੰਗੇ ਭਾਗਾਂ ਵਾਲੀ ਗੱਲ ਹੈ ਕਿ ਉੱਥੋਂ ਦੇ ਡਾਕਟਰਾਂ ਦਾ ਸੁਭਾਅ ਹਸਮੁੱਖ ਤੇ ਹਮਦਰਦੀ ਵਾਲਾ ਹੈ। ਉਹ ਮਰੀਜ਼ ਨਾਲ ਅਪਣੱਤ ਦਾ ਇਕ ਰਿਸ਼ਤਾ ਕਾਇਮ ਕਰ ਲੈਂਦੇ ਹਨ।ਇਕ ਹੋਰ ਡਾਕਟਰ ਸੰਗਰੂਰ ਦੇ ਅਧਿਆਪਕ ਮਾਪਿਆਂ ਦਾ ਲਾਡਲਾ ਪੁੱਤਰ ਹੈ। ਉਸ ਦੇ ਨਾਲ ਵੀ ਸੰਗਰੂਰ ਦੇ ਲੋਕੀਂ ਆਪਣੀ ਨੇੜਤਾ ਕਾਇਮ ਕਰ ਲੈਂਦੇ ਹਨ। ਇਸ ਤਰ੍ਹਾਂ ਇਲਾਜ ਦੇ ਨਾਲ ਸਲੀਕੇ ਭਰਿਆ ਵਰਤਾਅ ਹੀ ਮਰੀਜ਼ ਨੂੰ ਅੱਧਾ ਰਾਜ਼ੀ ਕਰ ਦਿੰਦਾ ਹੈ। ਡਾ. ਪੁਰੀ (ਐੱਸਐੱਮਓ) ਨੂੰ ਮੈਂ ਕਦੇ ਕਾਰ ਤਾਂ ਕੀ, ਸਾਈਕਲ 'ਤੇ ਚੜ੍ਹਿਆ ਵੀ ਨਹੀਂ ਵੇਖਿਆ। ਉਹ ਇਕ ਤੁਰਦਾ-ਫਿਰਦਾ ਹਸਪਤਾਲ ਹੈ।ਤੁਰਿਆ ਜਾਂਦਾ ਲੋਕਾਂ ਦੀਆਂ ਨਬਜ਼ਾਂ ਦੇਖਦਾ, ਨੁਸਖੇ ਲਿਖਦਾ ਅਤੇ ਰੇਹੜੀ 'ਤੇ ਖੜ੍ਹਿਆਂ ਦਾ ਵੀ ਬਲੱਡ ਪ੍ਰੈਸ਼ਰ ਚੈੱਕ ਕਰ ਦਿੰਦਾ ਹੈ। ਸੁਖਵਿੰਦਰ ਬਬਲਾ ਕਿੱਤੇ ਵਜੋਂ ਹੈ ਤਾਂ ਇਕ ਫਾਰਮਾਸਿਸਟ ਹੈ ਪਰ 100-150 ਮਰੀਜ਼ ਹਸਪਤਾਲ ਵਿਚ ਸਿੱਧੇ ਪਹਿਲਾਂ ਉਸ ਕੋਲ ਆ ਕੇ ਹਾਜ਼ਰੀ ਭਰਦੇ ਹਨ। ਉਹ ਉਨ੍ਹਾਂ ਦੀ ਗੱਲ ਸੁਣਦਾ ਹੀ ਨਹੀਂ, ਉਨ੍ਹਾਂ ਨੂੰ ਤਣ-ਪੱਤਣ ਵੀ ਲਾਉਂਦਾ ਹੈ।ਲੋੜ ਹੈ ਇਸ ਕਿੱਤੇ 'ਚ ਅਜਿਹੇ ਮਨੁੱਖਾਂ ਦੀ ਜਿਹੜੇ ਮਰੀਜ਼ਾਂ ਦੀਆਂ ਜੇਬਾਂ ਫਰੋਲਣ ਦੀ ਥਾਂ ਨਬਜ਼ ਟਟੋਲਣ ਅਤੇ ਉਨ੍ਹਾਂ ਦੇ ਦੁੱਖਾਂ ਦਾ ਦਾਰੂ ਬਣਨ। ਪੁਲਿਸ ਮਹਿਕਮੇ 'ਚ ਗੁਰਪ੍ਰੀਤ ਸਿੰਘ ਤੂਰ ਵਰਗੇ ਵੀ ਹਨ ਜਿਨ੍ਹਾਂ ਦੇ ਗਲ ਪਿਆ ਪਿਸਤੌਲ ਵੀ ਬੰਸਰੀ ਵਰਗਾ ਲੱਗਦਾ ਹੈ। ਸਾਬਕਾ ਡੀਆਈਜੀ ਹਰਿੰਦਰ ਸਿੰਘ ਚਹਿਲ ਦਾ ਦਰਵੇਸ਼ਾਂ ਵਰਗਾ ਸੁਭਾਅ ਸੀ। ਇਕ ਵਾਰੀ ਲੌਂਗੋਵਾਲ ਦਾ ਇਕ ਬੱਚਾ ਅਗਵਾ ਹੋ ਗਿਆ। ਚਹਿਲ ਨੇ ਉਸ ਦੀ ਮਾਂ ਨੂੰ ਕਿਹਾ, 'ਭੈਣੇ! ਆਪਣੇ ਮੂੰਹ 'ਚ ਬੁਰਕੀ ਤਾਂ ਪਾਵਾਂਗਾ ਜਦੋਂ ਤੇਰਾ ਬੱਚਾ ਤੇਰੀ ਗੋਦੀ 'ਚ ਵਾਪਸ ਕਰਵਾ ਦਿਆਂਗਾ। ਸੱਚਮੁੱਚ ਉਸ ਨੇ ਆਪਣੇ ਬੋਲ ਪੁਗਾਏ।ਮੈਂ ਜ਼ਿੰਦਗੀ ਵਿਚ ਕਿਸੇ ਪੁਲਿਸ ਵਾਲੇ ਦਾ ਲੋਕਾਂ ਵਿਚ ਅਜਿਹਾ ਸਨਮਾਨ ਹੁੰਦਾ ਨਹੀਂ ਦੇਖਿਆ ਜਿਹੜਾ ਲੌਂਗੋਵਾਲ ਵਿਚ ਹਰਿੰਦਰ ਸਿੰਘ ਚਹਿਲ ਦਾ ਹੋਇਆ ਸੀ। ਦੂਜੇ ਪਾਸੇ ਕੁਝ ਅਜਿਹੇ ਐੱਸਐੱਚਓ ਵੀ ਸਨ ਜਿਹੜੇ ਹਰ ਆਏ-ਗਏ ਦੀ ਸਿਰਫ਼ ਛਿੱਲ ਲਾਹੁਣੀ ਹੀ ਜਾਣਦੇ ਸਨ ਪਰ ਜਦੋਂ ਆਪ ਫਸ ਗਏ ਤਾ ਜੇਲ੍ਹ ਵਿਚ ਡਰਦੇ ਮਾਰੇ ਜੇਲ੍ਹ ਸੁਪਰਡੈਂਟ ਨੂੰ ਕਹਿ ਕੇ ਜੇਲ੍ਹ ਦੇ ਹਸਪਤਾਲ 'ਚ ਦਾਖ਼ਲ ਹੋ ਗਏ। ਉੱਥੇ ਵੀ ਕੈਦੀਆਂ ਨੇ ਉਨ੍ਹਾਂ ਨੂੰ ਜਾ ਘੇਰਿਆ। ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ। ਇਹ ਗੱਲ ਹਮੇਸ਼ਾ ਚੇਤੇ ਰੱਖਣੀ ਚਾਹੀਦੀ ਹੈ ਕਿ ਹਰ ਬੰਦੇ ਨੂੰ ਇਕ ਦਿਨ ਆਪਣਾ ਲੇਖਾ ਦੇਣਾ ਪੈਣਾ ਹੈ।ਪਟਿਆਲੇ ਵਾਲੇ ਵੀਰ ਜੀ, ਸੰਗਰੂਰ ਦੇ ਪ੍ਰੋਫੈਸਰ ਮੁਨਸ਼ੀ ਰਾਮ ਵਰਮਾ ਅਤੇ ਭਗਤ ਪੂਰਨ ਸਿੰਘ ਵਰਗੇ ਦਰਵੇਸ਼ਾਂ ਦੀਆਂ ਰੂਹਾਂ ਤਾਂ ਮਰ ਕੇ ਵੀ ਜਿਊਂਦੀਆਂ ਹਨ। 'ਉਹ ਨਾ ਕਦੇ ਵੀ ਮਰਦੇ ਬਾਹੂ ਕਬਰ ਜਿਨ੍ਹਾਂ ਦੀ ਜੀਵੇ।' ਮਹਿਕਮਾ ਕੋਈ ਵੀ ਹੋਵੇ, ਸਾਨੂੰ ਇਹ ਸਮਝ ਕੇ ਚੱਲਣਾ ਚਾਹੀਦਾ ਹੈ ਕਿ 'ਜਿੱਤ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ'। ਗੁੱਸਾ, ਖਿਝ ਤੇ ਲਾਲਚ ਮਨੁੱਖ ਨੂੰ ਰਾਹੋਂ ਭਟਕਾ ਦਿੰਦਾ ਹੈ ਅਤੇ ਅਜਿਹੇ ਕਿਰਦਾਰ ਵਾਲੇ ਵਿਅਕਤੀ ਮਨੁੱਖੀ ਜਾਮੇ ਵਿਚ ਆ ਕੇ ਵੀ ਹੋਰ ਜੂਨਾਂ ਦੀ ਜੂਨੀ ਹੀ ਹੰਢਾਉਂਦੇ ਹਨ।ਅੱਜ ਲੋੜ ਹੈ ਹਲੀਮੀ, ਨਿਮਰਤਾ, ਸੱਚਾਈ ਅਤੇ ਸਦਾਕਤ ਦੀ ਤਾਂ ਜੋ ਅਸੀਂ ਜ਼ਿੰਦਗੀ ਨੂੰ ਸੁਖਾਲਾ ਬਣਾ ਸਕੀਏ। ਲੋੜ ਵੇਲੇ ਕਿਸੇ ਦੇ ਕੰਮ ਆ ਸਕੀਏ, ਕਿਸੇ ਦਾ ਦਰਦ ਵੰਡਾ ਸਕੀਏ। ਸਾਨੂੰ ਕਾਲੇ ਕਰਮ, ਕਾਲੀ ਕਮਾਈ ਅਤੇ ਕਾਲੇ ਕਿਰਦਾਰ ਨੂੰ ਤਿਆਗ ਕੇ 'ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ।।' ਨੂੰ ਜੀਵਨ ਦਾ ਆਦਰਸ਼ ਬਣਾ ਕੇ ਸੱਚਿਆਰੇ ਰਾਹ ਦਾ ਪਾਂਧੀ ਬਣਨਾ ਚਾਹੀਦਾ ਹੈ।
ਡਾ. ਚਰਨਜੀਤ ਸਿੰਘ ਉਡਾਰੀ