ਇਸਲਾਮਾਬਾਦ : ਪਾਕਿਸਤਾਨ ਦੇ ਟੈਲੀਕਾਮ ਨਿਗਰਾਨੀਕਰਤਾ ਨੇ ਸੋਮਵਾਰ ਨੂੰ ਵੀਡੀਓ ਸਾਂਝੀ ਕਰਨ ਵਾਲੀ ਚੀਨੀ ਐਪ ਟਿਕਾਟਰ ਤੋਂ ਪਾਬੰਦੀ ਹਟਾ ਦਿੱਤੀ ਹੈ। ਇਸ ਦਾ ਸੰਚਾਲਨ ਕਰਨ ਵਾਲੀ ਕੰਪਨੀ ਵੱਲੋਂ ਅਨੈਤਿਕ ਸਮੱਗਰੀ ਨੂੰ ਕੰਟਰੋਲ ਕਰਨ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਪਾਕਿਸਤਾਨ ਦੂਰਸੰਚਾਰ ਅਥਾਰਿਟੀ (ਪੀ.ਟੀ.ਏ.) ਨੇ ਅਨੈਤਿਕ ਸਮੱਗਰੀ ਦੀਆਂ ਕਈ ਸ਼ਿਕਾਇਤਾਂ ਮਿਲਣ ਤੋਂ ਬਾਅਦ 9 ਅਕਤੂਬਰ ਨੂੰ ਟਿਕਟਾਕ 'ਤੇ ਪਾਬੰਦੀ ਲਗਾ ਦਿੱਤੀ ਸੀ। ਪੀ.ਟੀ.ਏ. ਨੇ ਟਵੀਟ ਕਰਕੇ ਕਿਹਾ, 'ਪ੍ਰਬੰਧਨ (ਟਿਕਟਾਕ) ਵੱਲੋਂ ਇਹ ਭਰੋਸਾ ਮਿਲਣ ਦੇ ਬਾਅਦ ਕਿ ਅਸ਼ਲੀਲਤਾ ਅਤੇ ਅਨੈਤਿਕਤਾ ਫੈਲਾਉਣ ਵਾਲੇ ਸਾਰੇ ਅਕਾਊਂਟ ਨੂੰ ਉਹ ਬਲਾਕ ਕਰਣਗੇ, ਇਸ ਤੋਂ ਬਾਅਦ ਪਾਬੰਦੀ ਹਟਾਉਣ ਦਾ ਫ਼ੈਸਲਾ ਲਿਆ ਗਿਆ। ਟਿਕਟਾਕ ਸਥਾਨਕ ਕਾਨੂੰਨਾਂ ਅਨੁਸਾਰ, ਅਕਾਊਂਟ ਵਿਚ ਸੁਧਾਰ ਕਰੇਗਾ।' ਇਸ ਤੋਂ ਪਹਿਲਾਂ ਪੀ.ਟੀ.ਏ. ਨੇ ਦੋਸ਼ ਲਗਾਇਆ ਸੀ ਕਿ ਕਈ ਵਾਰ ਇਤਰਾਜ਼ ਜਤਾਏ ਜਾਣ ਦੇ ਬਾਵਜੂਦ ਵੀਡੀਓ ਐਪ ਸੰਚਾਲਨ ਕੰਪਨੀ ਅਸ਼ਲੀਲ ਅਤੇ ਅਨੈਤਿਕ ਸਮੱਗਰੀ ਨੂੰ ਰੋਕਣ ਵਿਚ ਨਾਕਾਮ ਰਹੀ। ਸ਼ਨੀਵਾਰ ਨੂੰ ਟਿਕਟਾਕ ਦੇ ਸਵਾਮਿਤਵ ਵਾਲੀ ਕੰਪਨੀ ਨੇ ਇੱਥੇ ਆਪਣੀਆਂ ਸੇਵਾਵਾਂ ਵਿਚ ਸੁਧਾਰ ਲਈ ਅਤੇ ਸੰਸਾਧਨ ਲਗਾਉਣ ਦਾ ਵਾਅਦਾ ਕੀਤਾ ਸੀ।