ਅੱਜ ਕਈ ਸਾਲਾਂ ਬਾਅਦ ਮਾਂ ਮੈਨੂੰ ਉਹ ਗੱਲ ਯਾਦ ਆ ਗਈ ਜਦੋਂ ਮੈਂ ਕੋਈ ਸ਼ਰਾਰਤ ਕਰਦਾ ਸੀ ਤਾਂ ਤੂੰ ਮੇਰੇ ਵਲ ਥੋੜ੍ਹੇ ਜਿਹੇ ਗੁਸੇ ਨਾਲ ਦੇਖਣਾ ਤੇ ਫਿਰ ਮੈਂ ਚੌਂਤਰੇ ਤੋਂ ਉਠ ਖੜ੍ਹਦਾ ਤੇ ਤੂੰ ਮੇਰੇ ਵਲ ਪਾਥੀ ਵਗਾਹ ਮਾਰਨੀ। ਮਾਂ-ਤੇਰੀ ਸੁੱਟੀ ਹੋਈ ਪਾਥੀ ਮੈਂ ਫਿਰ ਚੁਕਦਾ ਤੇ ਆ ਕੇ ਤੇਰੇ ਗਲੇ ਨੂੰ ਚੁੰਬੜ ਜਾਣਾ, ਤੂੰ ਮੇਰੀ ਗੱਲ ਮੰਨ ਲੈਂਦੀ। ਤੈਨੂੰ ਅੱਜ ਅੱਠ ਸਾਲ ਹੋ ਗਏ ਜਦੋਂ ਤੂੰ ਸਾਡੇ ਤੋਂ ਉਂਗਲੀ ਛੁਡਾ ਕੇ ਕਿਸੇ ਹੋਰ ਜਹਾਨ 'ਚ ਪਹੁੰਚ ਗਈ ਸੀ।
ਮਾਂ--ਅੱਜ ਤਰਸ ਰਿਹਾ ਹਾਂ ਕਿ ਕੋਈ ਘੂਰੇ ਤੇ ਉਸੇ ਤਰ੍ਹਾਂ 'ਮੇਰਾ ਭੋਲ' ਕਹਿ ਕੇ ਬੁਲਾਵੇ ਪਰ ਨਹੀਂ ਕੇਵਲ 'ਜੀ-ਜੀ' ਨਾਲ ਹੀ ਸਵਾਗਤ ਹੁੰਦਾ ਹੈ। ਗਲੀਆਂ 'ਚ ਫਿਰਦੀਆਂ ਤੇਰੇ ਵਰਗੀਆਂ ਔਰਤਾਂ ਨੂੰ ਦੇਖ ਕੇ ਕਈ ਵਾਰ ਬੁਲਾਉਣ ਨੂੰ ਜੀਅ ਕਰਦੈ ਪਰ ਫਿਰ ਚੁੱਪ ਹੋ ਜਾਂਦਾ ਹੈ ਕਿ ਕਿਧਰੇ ਉਨ੍ਹਾਂ ਨੂੰ ਬੁਰਾ ਹੀ ਨਾ ਲੱਗ ਜਾਵੇ। ਹਾਰ ਕੇ ਤੇਰੀ ਤਸਵੀਰ ਵਲ ਦੇਖ ਹੀ ਚੁੱਪਚਾਪ 'ਇਕ ਹੰਝੂ' ਕੇਰ ਲਈਦਾ ਹੈ। ਮਾਂ ਅੱਜ ਫਿਰ ਤੇਰੀ ਆਖ਼ਰੀ ਰਾਤ ਹੈ ਇਸ ਲਈ ਤੈਨੂੰ ਹੋਰ ਤਾਂ ਕੁੱਝ ਨਹੀਂ ਦੇ ਸਕਦਾ --ਬੱਸ ਇਕ ਹੰਝੂ ਭੇਜ ਰਿਹਾ ਹਾਂ-ਤੇਰੀ ਸ਼ਰਧਾਂਜਲੀ ਲਈ! ਮਾਂ ਤੂੰ ਪਤਾ ਨਹੀਂ ਮੈਨੂੰ ਯਾਦ ਕਰਦੀ ਹੋਵੇਗੀ ਕੁ ਨਹੀਂ ਪਰ ਤੇਰੀਆਂ ਯਾਦਾਂ ਹਮੇਸ਼ਾ ਮੇਰੇ ਨਾਲ ਰਹਿੰਦੀਆਂ ਹਨ। ਚੱਲ ਮਾਂ-ਝੂਠੀ ਜਿਹੀ-ਕਹਿੰਦੀ ਹੁੰਦੀ ਸੀ ਕਿ ਮੈਂ ਕਿਤੇ ਨਹੀਂ ਜਾਵਾਂਗੀ ਪਰ ਤੂੰ ਗਈ ਨਾ--ਮਾਂ ਇਕ ਗੱਲ ਹੋਰ ਦੱਸਾਂ ਕਿ ਲੋਕ ਕਹਿੰਦੇ ਹੁੰਦੇ ਹਨ ਕਿ ਛੋਟੇ ਬੱਚਿਆਂ ਨੂੰ ਮਾਂ ਦੀ ਲੋੜ ਜ਼ਿਆਦਾ ਹੁੰਦੀ ਹੈ ਪਰ ਉਹ ਗ਼ਲਤ ਹੁੰਦੇ ਹਨ ਕਿਉਂਕਿ ਬੱਚਿਆਂ ਨੂੰ ਸਾਰੀ ਉਮਰ ਹੀ ਮਾਂਵਾਂ ਦੀ ਲੋੜ ਹੁੰਦੀ ਹੈ। ਚੰਗਾ ਮਾਂ, ਜਿਥੇ ਵੀ ਵਸੇ-ਖ਼ੁਸ਼ ਰਹੇਂ--ਮੈਂ ਵੀ ਤੇਰੀ ਨੂੰਹ ਤੇ ਪੋਤੀਆਂ ਨਾਲ ਤੇਰੀ ਯਾਦ ਨੂੰ ਤਾਜ਼ਾ ਕਰਦਾ ਹਾਂ।
-- ਤੇਰਾ ਲਾਡਲਾ,
ਭੋਲਾ ਪ੍ਰੀਤ