"ਜੱਟ ਮੌਜਾਂ ਕਰਦਾ ਏ ਰੱਬ ਨੇ ਥੋੜ ਕੋਈ ਨਾ ਰੱਖੀ" ਟਰੈਕਟਰ ਤੇ ਉੱਚੀ ਉੱਚੀ ਇਹ ਗਾਣਾ ਵੱਜਦਾ ਆ ਰਿਹਾ ਸੀ,
ਦੀਪਾ ਟਰੈਕਟਰ ਚਲਾ ਰਿਹਾ ਸੀ ਤੇ ਸੰਨੀ ਨਾਲ ਦੀ ਸੀਟ ‘ਤੇ ਬੈਠਾ ਸੀ। ਅੱਗੋਂ ਕੁਝ ਬੰਦੇ ਜਿਸ 'ਚ ਜ਼ਿਆਦਾ ਬਜ਼ੁਰਗ ਸੀ ਮੋਢਿਆ ਤੇ ਝੰਡੇ ਚੁੱਕ ਤੁਰੇ ਆ ਰਹੇ ਸੀ। ਟਰੈਕਟਰ ਦੇ ਕੋਲ ਆਉਂਦੇ ਹੀ ਇੱਕ ਬਜ਼ੁਰਗ ਨੇ ਟਰੈਕਟਰ ਰੋਕਦੇ ਹੋਏ ਹੱਕ ਨਾਲ ਕਿਹਾ, "ਚੱਲੋ ਪੁੱਤ ਧਰਨੇ ਤੇ ਚੱਲੀਏ"
ਦੀਪੇ ਨੇ ਜਵਾਬ ਦਿੱਤਾ, "ਬਾਪੂ ਅਸੀ ਧਰਨੇ ਤੋਂ ਹੀ ਆ ਰਹੇ ਹਾਂ, ਆਹ ਤੂੰ ਟਰੈਕਟਰ ਅੱਗੇ ਸਾਡੀ ਪਾਰਟੀ ਦਾ ਲੱਗਿਆ ਝੰਡਾ ਨਹੀਂ ਦੇਖਿਆ"
ਬਜ਼ੁਰਗ ਨੇ ਅੱਗੇ ਨਜ਼ਰ ਮਾਰੀ ਤਾਂ ਵੋਟਾਂ ਦੇ ਭੁੱਖਿਆਂ ਦਾ ਝੰਡਾ ਲੱਗਿਆ ਹੋਇਆ ਸੀ।
ਬਜ਼ੁਰਗ ਦੇ ਮਨ ਨੂੰ ਬਹੁਤ ਠੇਸ ਪਹੁੰਚੀ ਤੇ ਉਸ ਨੇ ਦੀਪੇ ਨੂੰ ਟਰੈਕਟਰ ਤੋਂ ਥੱਲੇ ਆਉਣ ਲਈ ਕਿਹਾ, ਦੀਪਾ ਤੇ ਸੰਨੀ ਦੋਵੇਂ ਹੀ ਟਰੈਕਟਰ ਤੋਂ ਥੱਲੇ ਆ ਗਏ।
ਬਜ਼ੁਰਗ ਨੇ ਕਿਹਾ, " ਪੁੱਤ ਆਹ ਸਾਡੇ ਨਾਲ ਖੜੇ ਬੰਦਿਆ ਤੇ ਨਜ਼ਰ ਮਾਰ ਤਾਂ ਭਲਾ, ਇੱਕ ਇੱਕ ਬੰਦੇ ਨੂੰ ਦੇਖ ਤੇ ਪਛਾਣ"
ਦੀਪੇ ਤੇ ਸੰਨੀ ਦੋਹਾਂ ਨੇ ਸਭ 'ਤੇ ਨਜ਼ਰ ਮਾਰੀ ਤੇ ਸੰਨੀ ਬੋਲਿਆ, "ਬਾਪੂ ਇਹ ਤਾਂ ਸਾਰੇ ਆਪਣੇ ਪਿੰਡ ਦੇ ਹੀ ਬੰਦੇ ਨੇ, ਅਸੀਂ ਜਾਣਦੇ ਆ ਇਨ੍ਹਾਂ ਸਾਰਿਆਂ ਨੂੰ ਹੀ"
ਬਜ਼ੁਰਗ ਨੇ ਇੱਕ ਬੰਦੇ ਵੱਲ ਇਸ਼ਾਰਾ ਕੀਤਾ ਤੇ ਪੁੱਛਿਆ, "ਇਹ ਕੌਣ ਹੈ ਤੇ ਇਹਦੇ ਕੋਲ ਕਿੰਨੇ ਕਿੱਲੇ ਜ਼ਮੀਨ ਏ?"
ਸੰਨੀ ਕਹਿੰਦਾ, "ਬਾਪੂ, ਇਹ ਤਾਂ ਆਪਣੇ ਕੋਠੀਆਂ ਵਾਲਿਆਂ ਦਾ ਜੀਤਾ ਬਾਬਾ ਐ, ਇਹਦੇ ਕੋਲ ਕਿਲ੍ਹੇ, , ਹੋਣਗੇ 8 ਕੂ ਤਾਂ"
ਫੇਰ ਬਜ਼ੁਰਗ ਨੇ ਦੂਜੇ ਵੱਲ ਇਸ਼ਾਰਾ ਕੀਤਾ ਤੇ ਉਹੀ ਸਵਾਲ ਦੀਪੇ ਨੂੰ ਪੁੱਛਿਆ।
ਦੀਪੇ ਨੇ ਜਵਾਬ ਦਿੱਤਾ, "ਬਾਪੂ ਇਹ ਆਪਣੇ ਗੁਰੂ ਘਰ ਕੋਲ ਵਸਦੇ ਮਜ਼੍ਹਬੀ ਸਿੱਖਾਂ ਚੋਂ ਰਾਣਾ ਏ, ਇਹਦੇ ਕੋਲ ਤਾਂ ਬਾਪੂ ਜ਼ਮੀਨ ਹੈ ਹੀ ਨਹੀਂ"
ਬਜ਼ੁਰਗ ਨੇ ਫੇਰ ਇੱਕ ਹੋਰ ਬੰਦੇ ਵੱਲ ਇਛਾਰਾ ਕੀਤਾ ਤੇ ਪੁੱਛਿਆ, " ਇਹ ਕੌਣ ਹੈ ਤੇ ਇਸ ਕੋਲ ਕਿੰਨੀ ਜ਼ਮੀਨ ਹੈ?"
ਦੀਪੇ ਨੇ ਸੰਨੀ ਵੱਲ ਦੇਖਿਆ ਤੇ ਬਜ਼ੁਰਗ ਵੱਲ ਦੇਖਦਾ ਹੋਇਆ ਬੋਲਿਆ, "ਬਾਪੂ ਇਹ ਆਪਣੇ ਬਾਜ਼ਾਰ 'ਚੋਂ ਸੇਠ ਰਮੇਸ਼ ਗੁਪਤਾ ਏ, ਇਸ ਦੀ ਬਾਜ਼ਾਰ 'ਚ ਬਹੁਤ ਵੱਡੀ ਦੁਕਾਨ ਏ"
ਦੀਪੇ ਤੇ ਸੰਨੀ 'ਚ ਜੋ ਪਹਿਲਾ ਜੋਸ਼ ਸੀ, ਉਹ ਹੁਣ ਸ਼ਾਂਤ ਹੋ ਗਿਆ ਸੀ ਤੇ ਉਨ੍ਹਾਂ ਨੂੰ ਹੁਣ ਕਹਾਣੀ ਥੋੜ੍ਹੀ ਸਮਝ ਵੀ ਆ ਰਹੀ ਸੀ।
ਬਜ਼ੁਰਗ ਨੇ ਦੀਪੇ ਦੇ ਮੋਢੇ ਤੇ ਹੱਥ ਰੱਖਦੇ ਹੋਏ ਕਿਹਾ, "ਪੁੱਤ ਤੂੰ ਸਾਰੇ ਬੰਦਿਆ 'ਤੇ ਨਜ਼ਰ ਮਾਰ ਹੀ ਲਈ ਹੈਂ, ਧਿਆਨ ਨਾਲ ਦੇਖ ਸਾਡੇ ਇਕੱਠ 'ਚ ਜ਼ਮੀਨਾਂ ਵਾਲੇ ਵੀ ਨੇ ਤੇ ਬਿਨਾ ਜ਼ਮੀਨਾਂ ਵਾਲੇ ਵੀ ਨੇ, ਸਾਡੇ 'ਚ ਸਿਰਫ਼ ਜੱਟ ਨਹੀਂ, ਸਭ ਜਾਤਾਂ ਵਾਲੇ ਬੰਦੇ ਨੇ, , , ਇਹ ਉਹ ਲੋਕ ਨੇ ਜੋਂ ਅੰਦਰੋ ਜਿਉਂਦੇ ਨੇ, ਇਹ ਉਹ ਲੋਕ ਨੇ ਜੋਂ ਆਪਸੀ ਭਾਈਚਾਰੇ 'ਚ ਖੜ੍ਹੇ ਨੇ ਤੇ ਸਰਕਾਰ ਦੇ ਤਾਨਾਸ਼ਾਹ ਰੱਵਈਏ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਨੇ"
ਇਕੱਠ ਚੋ ਦੂਜੇ ਬਜ਼ੁਰਗ ਨੇ ਬੁਢਾਪੇ ਵਾਲੀ ਕੰਬਦੀ ਆਵਾਜ਼ 'ਚ ਕਿਹਾ, "ਪੁੱਤ, , ਸਰਕਾਰਾਂ ਦੇ ਝੰਡਿਆਂ ਹੇਠ ਸਿਰਫ਼ ਵੋਟਾਂ ਕੱਠੀਆਂ ਹੁੰਦੀਆਂ ਨੇ, ਅੰਦੋਲਨ ਨਹੀਂ। ਵੋਟਾਂ ਪਾਓ ਜਿੱਥੇ ਮਰਜ਼ੀ, ਅਸੀ ਨਹੀਂ ਕਹਿੰਦੇ ਕੁਝ, ਪਰ ਅੱਜ ਸਮਾਂ ਰਾਜਨੀਤੀਆਂ ਕਰਨ ਦਾ ਨਹੀਂ, ਅੱਜ ਲੀਡਰਾਂ ਦੀ ਚਮਚਾਗਿਰੀ ਦਾ ਸਮਾਂ ਨਹੀਂ, ਅੱਜ ਸਮਾਂ ਆਪਣੀ ਧਰਤੀ ਮਾਂ ਨਾਲ ਖੜ੍ਹਨ ਦਾ ਏ, ਅੱਜ ਸਮਾਂ ਅੰਨਦਾਤੇ ਨਾਲ ਖੜਨ ਦਾ ਐ"
ਦੀਪੇ ਤੇ ਸੰਨੀ ਨੇ ਨੀਵੀਂ ਪਾਅ ਲਈ ਤੇ ਉਨ੍ਹਾਂ ਨੂੰ ਵੀ ਮਹਿਸੂਸ ਹੋਇਆ ਕਿ ਇਥੇ ਸਭ ਇੱਕ ਦੂਜੇ ਨਾਲ ਹੱਕਾਂ ਲਈ ਖੜ੍ਹ ਰਹੇ ਨੇ, ਜ਼ੁਲਮ ਦੇ ਖ਼ਿਲਾਫ਼ ਖੜ੍ਹ ਰਹੇ ਨੇ ਤੇ ਅਸੀਂ ਕਿਸੇ ਹੋਰ ਹੀ ਰਾਹ 'ਤੇ ਤੁਰੇ ਫਿਰਦੇ ਆ"
ਪਹਿਲੇ ਬਜ਼ੁਰਗ ਨੇ ਦੀਪੇ ਦੇ ਮੋਢੇ 'ਤੇ ਹੱਥ ਰੱਖਦੇ ਹੋਏ ਕਿਹਾ, "ਜਵਾਨੋ ਨੀਵੀਂ ਨਾ ਪਾਓ, ਥੋਡੇ ਸੀਨੇ ਤਾਂ ਅੱਗ ਬਲਣੀ ਚਾਹੀਦੀ ਹੈ ਤੇ ਤੁਸੀ ਐਵੇਂ ਠੰਡੇ ਪਈ ਜਾਂਦੇ ਹੋ, ਗ਼ਲਤੀ ਥੋਡੀ ਨਹੀਂ ਕਿ ਇਸ ਰਾਹ ਤੇ ਤੁਰ ਰਹੇ ਹੋ, ਥੋਨੂੰ ਕਿਸੇ ਨੇ ਸਹੀ ਰਾਹ ਕਦੇ ਦਿਖਾਇਆ ਹੀ ਨਹੀਂ। ਚਲੋ ਕੋਈ ਨਾ ਜਾਓ ਤੁਸੀ ਘਰੇ, ਛਕੋ ਪਰਸ਼ਾਦੇ ਪਾਣੀ ਅਸੀ ਚੱਲੀਏ ਆਪਣੇ ਰਾਹ"
ਦੀਪੇ ਤੇ ਸੰਨੀ ਠੰਡੇ ਹੋਏ ਟਰੈਕਟਰ 'ਤੇ ਬੈਠਣ ਲੱਗੇ ਤਾਂ ਬਜ਼ੁਰਗ ਫੇਰ ਬੋਲਿਆ ਤੇ ਆਖਣ ਲੱਗਾ, "ਸੱਚ ਪੁੱਤ ਇੱਕ ਗੱਲ ਹੋਰ, ਤੇਰੇ ਗਾਣੇ ਵਿਚਲਾ ਜੱਟ ਵੀ ਮੌਜਾਂ, ਦੂਜੇ ਸਭ ਕੰਮਾਂ ਕਾਰਾਂ ਵਾਲੇ ਵੀਰਾਂ ਦੇ ਸਿਰ 'ਤੇ ਕਰਦਾ ਐ, ਚਾਹੇ ਉਹ ਮਜ਼ਦੂਰ ਹੋਵੇ ਚਾਹੇ ਸੇਠ, ਇਨ੍ਹਾਂ ਜਾਤਾਂ ਤੋਂ ਉੱਪਰ ਉੱਠ ਕੇ ਸੋਚਣ ਵਾਲਿਆ ਦੇ ਸਿਰ 'ਤੇ ਕਰਦਾ ਹੈ ਜੋਂ ਔਖੇ ਸੌਖੇ ਵੇਲੇ ਅੰਨਦਾਤੇ ਦੇ ਖਾਦੇ ਅੰਨ ਬਦਲੇ ਉਸ ਦੇ ਨਾਲ ਖੜਦੇ ਨੇ"
ਦੀਪ ਨੇ ਟਰੈਕਟਰ ਸਟਾਰਟ ਕਰ ਕੇ ਡਿੱਕ ਬੰਦ ਕਰ ਕੇ ਟਰੈਕਟਰ ਘਰ ਵੱਲ ਖਿੱਚ ਦਿੱਤਾ ਤੇ ਧਰਨੇ 'ਚ ਚੱਲਿਆ ਜਾਗਰੂਕ ਲੋਕਾਂ ਦਾ ਸਮੂਹ ਧਰਨੇ ਵੱਲ ਚੱਲ ਪਿਆ।
ਧਰਨੇ 'ਚ ਪਹੁੰਚਣ ਦੇ ਘੰਟੇ ਕੂ ਬਾਅਦ ਪਸੀਨੇ ਨਾਲ ਭਿੱਜੇ ਪਏ ਉਸ ਬਜ਼ੁਰਗ ਨੇ ਜਦ ਉਸ ਦੇ ਕੋਲ ਬੈਠਣ ਵਾਲੇ ਨੌਜਵਾਨਾਂ ਵੱਲ ਨਜ਼ਰ ਮਾਰੀ ਤਾਂ ਉਸ ਦੇ ਚਿਹਰੇ ‘ਤੇ ਮੁਸਕਾਨ ਆ ਗਈ, ਉਸ ਦੇ ਕੋਲ ਦੀਪ ਤੇ ਸੰਨੀ ਆਕੇ ਬੈਠ ਗਏ ਤੇ ਸੰਨੀ ਬੋਲਿਆ, "ਬਾਪੂ ਅਸੀ ਵੀ ਅੰਦਰੋਂ ਹਾਲੇ ਮਰੇ ਨਹੀਂ, ਅੱਜ ਅਹਿਸਾਸ ਹੋ ਗਿਆ ਐ, ਮੁੜਕਿਆਂ ਨਾਲ ਭਿੱਜੇ ਥੋਡੇ ਇਹ ਪਿੰਡੇ ਸਾਡੇ ਲਈ ਇੱਕ ਵੰਗਾਰ ਨੇ, ਜੇ ਅਸੀ ਅੱਜ ਵੀ ਨਾ ਆਉਂਦੇ ਤਾਂ ਫੇਰ ਅਸੀ ਅੰਦਰੋ ਮਰ ਚੁੱਕੇ ਲੋਕਾਂ 'ਚ ਗਿਣੇ ਜਾਣਾ ਸੀ।"
ਬਜ਼ੁਰਗ ਨੇ ਸੰਨੀ ਨੂੰ ਕਲਾਵੇ 'ਚ ਲੈਂਦੇ ਹੋਏ ਦੀਪ ਦੇ ਸਿਰ 'ਤੇ ਹੱਥ ਰੱਖਿਆ ਤੇ ਬੋਲਿਆ, " ਸ਼ੇਰਾ, ਹੁਣ ਨਹੀਂ ਹਾਰਦੇ ਅਸੀਂ "
~ਲੇਖਕ
ਜਗਮੀਤ ਸਿੰਘ ਹਠੂਰ