ਦਮਿਸ਼ਕ : ਅਰਬ ਗੈਸ ਪਾਈਪਲਾਈਨ ਵਿਚ ਹੋਏ ਧਮਾਕੇ ਨਾਲ ਸੀਰੀਆ ਵਿਚ ਬਿਜਲੀ ਸੇਵਾ ਠੱਪ ਹੋ ਗਈ ਹੈ। ਇਸ ਧਮਾਕੇ ਨਾਲ ਸ਼ੁਰੂਆਤੀ ਸੰਕੇਤ ਮਿਲ ਰਹੇ ਹਨ ਕਿ ਪਾਈਪਲਾਈਨ 'ਤੇ ਹਮਲਾ ਕੀਤਾ ਗਿਆ ਹੈ। ਦੇਸ਼ ਦੇ ਊਰਜਾ ਮੰਤਰੀ ਨੇ ਸੋਮਵਾਰ ਨੂੰ ਰਾਜ ਵਲੋਂ ਸੰਚਾਲਤ ਟੀਵੀ ਨੂੰ ਇਸ ਦੀ ਜਾਣਕਾਰੀ ਦਿਤੀ। ਇਖਬਰੀਆ ਟੀਵੀ ਚੈਨਲ ਨੇ ਧਮਾਕੇ ਦੀਆਂ ਤਸਵੀਰਾਂ ਪ੍ਰਸਾਰਤ ਕੀਤੀਆਂ, ਜਿਸ ਵਿਚ ਧਮਾਕੇ ਤੋਂ ਬਾਅਦ ਅੱਗ ਦੀਆਂ ਲਪਟਾਂ ਉਠ ਰਹੀਆਂ ਦੇਖੀਆਂ ਜਾ ਸਕਦੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਇਹ ਧਮਾਕਾ ਰਾਜਧਾਨੀ ਦਮਿਸ਼ਕ ਦੇ ਉੱਤਰ-ਪੱਛਮ ਵਿਚ ਸਥਿਤ ਸੀਰੀਆਈ ਕਸਬੇ ਐਡ ਡੁਮਾਇਰ ਅਤੇ ਆਦਰਾ ਵਿਚ ਹੋਇਆ ਹੈ। ਪੈਟਰੋਲੀਅਮ ਅਤੇ ਖਣਿਜ ਸਰੋਤ ਮੰਤਰੀ ਅਲੀ ਘਨਮ ਨੇ ਟੀਵੀ ਚੈਨਲ ਨੂੰ ਦਸਿਆ ਕਿ ਸ਼ੁਰੂਆਤੀ ਸੰਕੇਤਾਂ ਤੋਂ ਪਤਾ ਚਲਿਆ ਹੈ ਕਿ ਪਾਈਪਲਾਈਨ 'ਤੇ ਹਮਲਾ ਕੀਤਾ ਗਿਆ ਸੀ।
ਉਨ੍ਹਾਂ ਨੇ ਕਿਹਾ ਕਿ ਦੱਖਣ ਵਿਚ ਸਥਿਤ ਊਰਜਾ ਸਟੇਸ਼ਨਾਂ ਨੂੰ ਇਸ ਪਾਈਪਲਾਈਨ ਜ਼ਰੀਏ ਬਾਲਣ ਪਹੁੰਚਾਇਆ ਜਾਂਦਾ ਹੈ। ਫਿਲਹਾਲ ਇਸ ਧਮਾਕੇ ਦੇ ਅਸਲੀ ਕਾਰਨਾਂ ਨੂੰ ਜਾਂਚਣ ਲਈ ਇਕ ਤਕਨਾਲੋਜੀ ਟੀਮ ਘਟਨਾਸਥਲ 'ਤੇ ਪਹੁੰਚ ਚੁੱਕੀ ਹੈ। ਉਥੇ ਬਿਜਲੀ ਮੰਤਰੀ ਨੇ ਪਾਈਪਲਾਈਨ ਧਮਾਕੇ ਸਬੰਧੀ ਕਿਹਾ ਕਿ ਦੇਸ਼ ਦੇ ਸੂਬਿਆਂ ਵਿਚ ਬਿਜਲੀ ਸਪਲਾਈ ਹੌਲੀ-ਹੌਲੀ ਬਹਾਲ ਹੋਣੀ ਸ਼ੁਰੂ ਹੋ ਗਈ ਹੈ।