ਮਾਲਸ਼ ਬਾਰੇ ਸੁਣਦਿਆਂ ਹੀ ਲੋਕਾਂ ਦੇ ਮਨ ਵਿਚ ਤੇਲ ਮਾਲਸ਼ ਨਾਲ ਜੁੜੀਆਂ ਗੱਲਾਂ ਆਉਣ ਲਗਦੀਆਂ ਹਨ। ਸਾਡੇ ਸਿਰ ਤੋਂ ਲੈ ਕੇ ਸਰੀਰ ਦੇ ਹਰ ਇਕ ਅੰਗ ਦੀ ਤੇਲ ਨਾਲ ਮਾਲਸ਼ ਕਰਨ ਦੇ ਕਈ ਫ਼ਾਇਦੇ ਹੁੰਦੇ ਹਨ ਪਰ ਅਸੀਂ ਉਨ੍ਹਾਂ ਬਾਰੇ ਅਕਸਰ ਅਣਜਾਣ ਰਹਿੰਦੇ ਹਾਂ। ਜੇਕਰ ਤੁਸੀਂ ਵੀ ਸੋਚ ਰਹੇ ਹੋ ਕਿ ਤੇਲ ਮਾਲਸ਼ ਦੇ ਕੀ-ਕੀ ਫ਼ਾਇਦੇ ਹੋ ਸਕਦੇ ਹਨ ਤਾਂ ਅਸੀਂ ਤੁਹਾਨੂੰ ਪੈਰਾਂ 'ਤੇ ਤੇਲ ਮਾਲਸ਼ ਦੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਜੇਕਰ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਦੀ ਮਾਲਸ਼ ਕੀਤੀ ਜਾਵੇ ਤਾਂ ਤੁਹਾਨੂੰ ਇਸ ਦੇ ਕਈ ਫ਼ਾਇਦੇ ਮਿਲਦੇ ਹਨ।
ਪੈਰਾਂ ਦੀ ਪ੍ਰੇਸ਼ਾਨੀ ਹੁੰਦੀ ਹੈ ਦੂਰ: ਅਕਸਰ ਅਸੀਂ ਸੁਣਦੇ ਹਾਂ ਕਿ ਮਾਲਸ਼ ਸਾਡੇ ਲਈ ਕਿੰਨੀ ਫ਼ਾਇਦੇਮੰਦ ਸਾਬਤ ਹੁੰਦੀ ਹੈ ਪਰ ਜੇਕਰ ਸਹੀ ਤਰੀਕੇ ਨਾਲ ਰੋਜ਼ਾਨਾ ਮਾਲਸ਼ ਕੀਤੀ ਜਾਵੇ ਤਾਂ ਇਹ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਵੀ ਲਾਭਕਾਰੀ ਸਾਬਤ ਹੁੰਦੀ ਹੈ। ਅਸਲ ਵਿਚ ਨਾਰੀਅਲ ਦੇ ਤੇਲ ਨਾਲ ਪੈਰਾਂ ਦੀ ਮਾਲਸ਼ ਕਰਨ 'ਤੇ ਪੈਰਾਂ ਦੀਆਂ ਨਾੜਾਂ ਨੂੰ ਕਾਫ਼ੀ ਆਰਾਮ ਮਿਲਦਾ ਹੈ ਤੇ ਪੈਰਾਂ ਨਾਲ ਜੁੜੀਆਂ ਪ੍ਰੇਸ਼ਾਨੀਆਂ ਦੂਰ ਕਰਨ ਵਿਚ ਵੀ ਲਾਭ ਮਿਲਦਾ ਹੈ।
ਜੋੜਾਂ ਦੇ ਦਰਦ ਤੋਂ ਮਿਲਦੀ ਹੈ ਰਾਹਤ: ਅਕਸਰ ਹੱਥਾਂ-ਪੈਰਾਂ ਵਿਚ ਦਰਦ ਹੋਣ 'ਤੇ ਅਸੀਂ ਤੇਲ ਮਾਲਸ਼ ਦਾ ਸਹਾਰਾ ਲੈਂਦੇ ਹਾਂ ਜੋ ਕਾਫ਼ੀ ਫ਼ਾਇਦੇਮੰਦ ਹੁੰਦੀ ਹੈ। ਜੇਕਰ ਤੁਸੀਂ ਜੋੜਾਂ ਵਿਚ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ ਰਾਤ ਸੌਣ ਤੋਂ ਪਹਿਲਾਂ ਪੈਰਾਂ ਦੀ ਤੇਲ ਨਾਲ ਮਾਲਸ਼ ਕਰੋ। ਨਿਯਮਤ ਰੂਪ ਵਿਚ ਅਜਿਹਾ ਕਰਨ ਨਾਲ ਜੋੜਾਂ ਵਿਚ ਦਰਦ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ ਤੇ ਦਰਦ ਦੂਰ ਹੁੰਦਾ ਹੈ।
ਸਿਰਦਰਦ ਹੁੰਦਾ ਹੈ ਦੂਰ: ਕਿਹਾ ਜਾਂਦਾ ਹੈ ਕਿ ਸਾਡੇ ਪੈਰਾਂ ਦੀਆਂ ਨਾੜਾਂ ਸਿੱਧੀਆਂ ਦਿਮਾਗ਼ ਨਾਲ ਜੁੜੀਆਂ ਹੁੰਦੀਆਂ ਹਨ ਅਤੇ ਪੈਰਾਂ ਦੀ ਮਾਲਸ਼ ਕਰਨ ਨਾਲ ਸਿਰ ਵਿਚ ਹੋ ਰਿਹਾ ਦਰਦ ਵੀ ਦੂਰ ਹੁੰਦਾ ਹੈ। ਅਸਲ ਵਿਚ ਰੋਜ਼ਾਨਾ ਰਾਤ ਨੂੰ ਸੌਣ ਤੋਂ 15 ਮਿੰਟ ਪਹਿਲਾਂ ਪੈਰਾਂ ਦੀ ਮਾਲਸ਼ ਕਰਨ ਨਾਲ ਦਿਮਾਗ਼ ਨੂੰ ਸ਼ਾਂਤੀ ਮਿਲਦੀ ਹੈ ਅਤੇ ਤੁਸੀਂ ਅਗਲੇ ਦਿਨ ਯਾਨੀ ਬਿਹਤਰ ਤਰੀਕੇ ਨਾਲ ਕੰਮ ਕਰਦੇ ਹੋ।
ਸਰੀਰ ਤੋਂ ਗ਼ੈਰ-ਜ਼ਰੂਰੀ ਤੇਜ਼ਾਬ ਕਢਦਾ ਹੈ ਬਾਹਰ: ਅਸਲ ਵਿਚ ਹੁੰਦਾ ਇਹ ਹੈ ਕਿ ਜੇਕਰ ਤੁਸੀਂ ਰੋਜ਼ਾਨਾ 20 ਮਿੰਟ ਤਕ ਪੈਰਾਂ ਦੀ ਮਾਲਸ਼ ਕਰਦੇ ਹੋ ਤਾਂ ਮਾਸਪੇਸ਼ੀਆਂ ਦੇ ਸੈੱਲਾਂ ਵਿਚ ਮੌਜੂਦ ਲੈਕਟਿਕ ਤੇਜ਼ਾਬ ਹੌਲੀ-ਹੌਲੀ ਖ਼ਤਮ ਹੋਣ ਲਗਦਾ ਹੈ। ਜੇਕਰ ਇਹ ਤੇਜ਼ਾਬ ਸਾਡੇ ਪੈਰਾਂ ਵਿਚ ਵਧਦਾ ਰਹਿੰਦਾ ਹੈ ਤਾਂ ਇਸ ਦੀ ਅਣਦੇਖੀ ਸਾਡੇ ਪੈਰਾਂ ਦੀਆਂ ਹੋਰ ਸਮੱਸਿਆਵਾਂ ਨੂੰ ਵਧਾ ਸਕਦੀ ਹੈ।