ਗਰਮੀ ਦਾ ਮੌਸਮ ਛੋਟੇ ਬੱਚਿਆਂ ਲਈ ਖ਼ਤਰਨਾਕ ਹੋ ਸਕਦਾ ਹੈ। ਤੇਜ਼ ਧੁੱਪ ਵਿਚ ਸਕੂਲ ਜਾਣਾ ਜਾਂ ਸਕੂਲ ਤੋਂ ਵਾਪਸ ਆਉਣਾ, ਘਰ ਤੋਂ ਬਾਹਰ ਖੇਡਣਾ ਤੇ ਸਫ਼ਰ ਕਰਨਾ ਬੱਚਿਆਂ ਦੀ ਸਿਹਤ ਲਈ ਠੀਕ ਨਹੀਂ ਹੁੰਦਾ। ਬੱਚਿਆਂ ਦੀ ਚਮੜੀ ਕੋਮਲ ਹੁੰਦੀ ਹੈ ਅਤੇ ਵਧੇਰੇ ਤਾਪਮਾਨ ਦਾ ਅਸਰ ਵੀ ਬੱਚਿਆਂ 'ਤੇ ਬਹੁਤ ਜਲਦੀ ਪੈਂਦਾ ਹੈ। ਗਰਮੀਆਂ ਦੇ ਮੌਸਮ ਵਿਚ ਬੱਚਿਆਂ ਨੂੰ ਘਰ ਤੋਂ ਬਾਹਰ ਭੇਜਦੇ ਸਮੇਂ ਕੁੱਝ ਗੱਲਾਂ ਦਾ ਧਿਆਨ ਰਖਣਾ ਜ਼ਰੂਰੀ ਹੈ।
ਪਾਣੀ ਦੀ ਬੋਤਲ ਜ਼ਰੂਰ ਦਿਉ :
ਬੱਚਾ ਘਰ ਤੋਂ ਸਕੂਲ, ਖੇਡਣ ਜਾਂ ਸਫ਼ਰ 'ਤੇ ਜਾਵੇ ਤਾਂ ਉਸ ਨੂੰ ਅਪਣੇ ਨਾਲ ਲਿਜਾਣ ਲਈ ਪਾਣੀ ਦੀ ਬੋਤਲ ਜ਼ਰੂਰ ਦਿਉ।
ਨਿੰਬੂ ਪਾਣੀ:
ਪਾਣੀ ਤੋਂ ਇਲਾਵਾ ਗਰਮੀ ਦੇ ਮੌਸਮ ਵਿਚ ਬੱਚਿਆਂ ਨੂੰ ਦੂਸਰੇ ਪੀਣਯੋਗ ਪਦਾਰਥ ਵੀ ਦਿਉ। ਤੁਸੀਂ ਉਨ੍ਹਾਂ ਨੂੰ ਫ਼ਰੂਟ ਜੂਸ, ਨਿੰਬੂ ਪਾਣੀ, ਨਾਰੀਅਲ ਪਾਣੀ, ਸ਼ਰਬਤ, ਲੱਸੀ ਵੀ ਦੇ ਸਕਦੇ ਹੋ। ਬੱਚਿਆਂ ਨੂੰ ਪਾਣੀ ਦੀ ਬੋਤਲ ਵਿਚ ਸਾਦੇ ਪਾਣੀ ਦੀ ਜਗ੍ਹਾ ਨਿੰਬੂ ਪਾਣੀ ਦਿਉ।
ਬੱਚੇ ਨੂੰ ਧੁੱਪ ਵਿਚ ਬਾਹਰ ਨਾ ਜਾਣ ਦਿਉ:
ਤੇਜ਼ ਗਰਮੀ ਵਿਚ ਘੁੰਮਣ ਜਾਂ ਖੇਡਣ ਨਾਲ ਬੱਚਿਆਂ ਦੀ ਸਿਹਤ ਖ਼ਰਾਬ ਹੋ ਸਕਦੀ ਹੈ। ਅਜਿਹੇ ਵਿਚ ਬੱਚਿਆਂ ਨੂੰ ਦੁਪਹਿਰ 12 ਵਜੇ ਤੋਂ 4 ਵਜੇ ਤਕ ਬਾਹਰ ਜਾਂ ਛੱਤ 'ਤੇ ਨਾ ਜਾਣ ਦਿਉ। ਇਸ ਦੌਰਾਨ ਬੱਚਿਆਂ ਨੂੰ ਘਰ ਅੰਦਰ ਰਹਿਣ ਦੀ ਸਲਾਹ ਦਿਉ। ਜੇ ਬੱਚਿਆਂ ਨੂੰ ਛੁੱਟੀ ਹੈ ਤਾਂ ਦੁਪਹਿਰ ਨੂੰ ਉਨ੍ਹਾਂ ਨੂੰ ਘਰ ਵਿਚ ਹੀ ਖੇਡਣ, ਕਿਤਾਬਾਂ ਪੜ੍ਹਨ, ਸਕੂਲ ਦਾ ਕੰਮ ਕਰਨ ਕਰਨ ਲਈ ਕਹੋ।