Saturday, November 23, 2024
 

ਹੋਰ ਰਾਜ (ਸੂਬੇ)

ਪੁਲਿਸ ਵਲੋਂ ਅੰਨੇਵਾਹ ਫ਼ਾਇੰਰਿੰਗ 5 ਭਾਰਤੀਆਂ ਨੂੰ ਲੱਗੀ ਗੋਲੀ, 1 ਦੀ ਮੌਤ

June 13, 2020 11:22 AM

ਨਵੀਂ ਦਿੱਲੀ/ਕਾਠਮੰਡੂ : ਬਿਹਾਰ ਦੇ ਜ਼ਿਲ੍ਹਾ ਸੀਤਾਮੜ੍ਹੀ ਨਾਲ ਲੱਗਦੇ ਨੇਪਾਲੀ ਇਲਾਕੇ ਵਿਚ ਅੱਜ ਨੇਪਾਲ ਸਰਹੱਦੀ ਪੁਲੀਸ ਦੇ ਜਵਾਨਾਂ ਵਲੋਂ ਕੀਤੀ ਗੋਲੀਬਾਰੀ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ।

ਨੇਪਾਲ ਬਾਰਡਰ ਪੁਲੀਸ ਨੇ ਇੱਕ ਭਾਰਤੀ ਨਾਗਰਿਕ ਲਾਗਨ ਯਾਦਵ (45) ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਸ਼ਸਤਰ ਸੀਮਾ ਬਲ (SSB) ਦੇ ਡਾਇਰੈਕਟਰ ਜਨਰਲ (DG) ਕੁਮਾਰ ਰਾਜੇਸ਼ ਚੰਦਰ ਨੇ ਦਿੱਲੀ ਵਿੱਚ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 8:40 ਵਜੇ ‘ਨੇਪਾਲੀ ਇਲਾਕੇ ਅੰਦਰ’ ਵਾਪਰੀ।
  • ਇੱਕ ਭਾਰਤੀ ਨਾਗਰਿਕ ਨੂੰ ਨੇਪਾਲ ਪੁਲੀਸ ਨੇ ਹਿਰਾਸਤ ਵਿੱਚ ਲਿਆ
  • ਭਾਰਤ ਵਿਆਹੀ ਨੇਪਾਲੀ ਮਹਿਲਾ ਦੀ ਨੇਪਾਲ ’ਚ ਮੌਜੂਦਗੀ ਤੋਂ ਭਖਿਆ ਮਾਮਲਾ
ਊਨ੍ਹਾਂ ਦੱਸਿਆ ਕਿ ਹੁਣ ਸਥਿਤੀ ਸ਼ਾਂਤ ਹੈ ਅਤੇ ‘ਸਾਡੇ ਸਥਾਨਕ ਕਮਾਂਡਰਾਂ ਨੇ ਤੁਰੰਤ ਆਪਣੇ ਨੇਪਾਲੀ ਹਮਰੁਤਬਾ ਨਾਲ ਸੰਪਰਕ ਸਾਧਿਆ ਹੈ।’ ਐੱਸਐੱਸਬੀ ਦੇ ਪਟਨਾ ਫਰੰਟੀਅਰ ਦੇ ਆਈਜੀ ਸੰਜੇ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਸਥਾਨਕ ਲੋਕਾਂ ਅਤੇ ਨੇਪਾਲ ਦੀ ਹਥਿਆਰਬੰਦ ਪੁਲੀਸ ਬਲ (APF) ਵਿਚਾਲੇ ਵਾਪਰੀ। ਊਨ੍ਹਾਂ ਦੱਸਿਆ ਕਿ ਇਸ ਗੋਲੀਬਾਰੀ ਵਿੱਚ ਇੱਕ ਵਿਅਕਤੀ ਹਲਾਕ ਹੋ ਗਿਆ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਅਨੁਸਾਰ ਵਿਕਾਸ ਯਾਦਵ (22) ਦੇ ਢਿੱਡ ਵਿੱਚ ਗੋਲੀ ਲੱਗਣ ਕਾਰਨ ਊਸ ਦੀ ਮੌਤ ਹੋ ਗਈ ਜਦਕਿ ਊਦੇ ਠਾਕੁਰ (24) ਅਤੇ ਊਮੇਸ਼ ਰਾਮ (18) ਨੂੰ ਜ਼ਖ਼ਮੀ ਹਾਲਤ ਵਿੱਚ ਸੀਤਾਮੜ੍ਹੀ ਦੇ ਨਿੱਜੀ ਹਸਪਤਾਲ ’ਚ ਭਰਤੀ ਕਰਾਇਆ ਗਿਆ ਹੈ।
ਸਥਾਨਕ ਲੋਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਊਦੋਂ ਵਾਪਰੀ ਜਦੋਂ ਏਪੀਐੱਫ ਜਵਾਨਾਂ ਨੇ ਲਾਗਨ ਯਾਦਵ ਦੀ ਨੂੰਹ, ਜੋ ਨੇਪਾਲ ਤੋਂ ਹੈ, ਨੂੰ ਭਾਰਤ ਦੇ ਕੁਝ ਲੋਕਾਂ ਨਾਲ ਗੱਲਬਾਤ ਕਰਦਿਆਂ ਦੇਖਣ ਮਗਰੋਂ ਊਸ ਦੀ ਖੇਤਰ ਵਿੱਚ ਮੌਜੂਦਗੀ ’ਤੇ ਇਤਰਾਜ਼ ਜਤਾਇਆ। ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦ ’ਤੇ ਤਾਰ ਨਾ ਲੱਗੀ ਹੋਣ ਕਾਰਨ ਸਥਾਨਕ ਲੋਕ ਆਪਸ ਵਿੱਚ ਮਿਲਦੇ-ਵਰਤਦੇ ਹਨ ਅਤੇ ਆਪਸ ਵਿਚ ਰਿਸ਼ਤੇਦਾਰ ਵੀ ਹਨ। ਏਪੀਐੱਫ ਜਵਾਨਾਂ ਵਲੋਂ ਮਿਲਣੀ ’ਤੇ ਇਤਰਾਜ਼ ਪ੍ਰਗਟਾਊਣ ’ਤੇ ਦੋਵਾਂ ਧਿਰਾਂ ਵਿਚਾਲੇ ਬਹਿਸ ਹੋ ਗਈ ਤੇ ਕਰੀਬ 70-80 ਭਾਰਤੀ ਨਾਗਰਿਕ ਮੌਕੇ ’ਤੇ ਇਕੱਠੇ ਹੋ ਗਏ। ਅਧਿਕਾਰੀਆਂ ਅਨੁਸਾਰ ਏਪੀਐੱਫ ਦਾ ਦਾਅਵਾ ਹੈ ਕਿ ਊਨ੍ਹਾਂ ਨੇ ਪਹਿਲਾਂ ਭੀੜ ਖਿੰਡਾਊਣ ਲਈ ਹਵਾ ਵਿੱਚ ਗੋਲੀਆਂ ਚਲਾਈਆਂ ਅਤੇ ਫਿਰ ਆਪਣੇ ਹਥਿਆਰ ਖੋਹੇ ਜਾਣ ਦੇ ਡਰੋਂ ਲੋਕਾਂ ਵੱਲ ਗੋਲੀਆਂ ਚਲਾਈਆਂ, ਜੋ ਤਿੰਨ ਜਣਿਆਂ ਦੇ ਲੱਗੀਆਂ। ਊਨ੍ਹਾਂ ਦੱਸਿਆ ਕਿ ਇਹ ਘਟਨਾ ਜ਼ਿਲ੍ਹਾ ਸੀਤਾਮੜ੍ਹੀ ਦੇ ਜਾਨਕੀਨਗਰ ਅਤੇ ਨੇਪਾਲ ਦੇ ਸਾਰਲਹੀ ਵਿਚਾਲੇ ਵਾਪਰੀ ਹੈ।

ਭਾਰਤੀਆਂ ਨੇ ਤਾਲਾਬੰਦੀ ਦੀ ਊਲੰਘਣਾ ਕਰਕੇ ਸਾਡੇ ਜਵਾਨਾਂ ’ਤੇ ਹਮਲਾ ਕੀਤਾ: ਨੇਪਾਲ

ਕਾਠਮੰਡੂ : ਨੇਪਾਲ ਪੁਲੀਸ ਦਾ ਦਾਅਵਾ ਹੈ ਕਿ ਭਾਰਤੀ ਨਾਗਰਿਕਾਂ ਦਾ ਸਮੂਹ ਤਾਲਾਬੰਦੀ ਦੌਰਾਨ ਦੱਖਣੀ ਸਰਹੱਦ ਪਾਰ ਕਰਨ ਮਗਰੋਂ ਜਬਰੀ ਨੇਪਾਲ ਇਲਾਕੇ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਨੇਪਾਲ ਦੀ ਹਥਿਆਰਬੰਦ ਪੁਲੀਸ ਬਲ ਦੇ ਐਡੀਸ਼ਨਲ ਇੰਸਪੈਕਟਰ ਜਨਰਲ ਆਫ ਪੁਲੀਸ ਨਾਰਾਇਣ ਬਾਬੂ ਥਾਪਾ ਨੇ ਦੱਸਿਆ ਕਿ ਇਹ ਘਟਨਾ ਊਦੋਂ ਵਾਪਰੀ ਜਦੋਂ 25-30 ਭਾਰਤੀਆਂ ਦੇ ਸਮੁੂਹ ਨੇ ਸਾਰਲਹੀ ਜ਼ਿਲ੍ਹੇ ’ਚ ਪੈਂਦੀ ਭਾਰਤ-ਨੇਪਾਲ ਸਰਹੱਦ ਰਾਹੀਂ ਨੇਪਾਲ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਊਨ੍ਹਾਂ ਕਿਹਾ ਕਿ ਇਸ ਸਮੂਹ ਨੇ ਨਾਰਾਇਣਪੁਰ ਖੇਤਰ ਵਿੱਚ ਨੇਪਾਲੀ ਸੁਰੱਖਿਆ ਜਵਾਨਾਂ ’ਤੇ ਹਮਲਾ ਕਰ ਦਿੱਤਾ।

ਊਨ੍ਹਾਂ ਕਿਹਾ, ‘‘ਕਰੋਨਾਵਾਇਰਸ ਮਹਾਮਾਰੀ ਕਾਰਨ ਕੀਤੀ ਤਾਲਾਬੰਦੀ ਲਾਗੂ ਕਰਾਊਣ ਲਈ ਸਰਹੱਦ ਦੀ ਮੂਹਰਲੀ ਚੌਕੀ ’ਤੇ ਤਾਇਨਾਤ ਕੀਤੇ APF ਜਵਾਨਾਂ ਨੇ ਲੋਕਾਂ ਨੂੰ ਰੋਕਿਆ ਤਾਂ ਦਰਜਨ ਦੇ ਕਰੀਬ ਭਾਰਤੀ ਹੋਰ ਆ ਗਏ ਅਤੇ ਸੁਰੱਖਿਆ ਬਲਾਂ ’ਤੇ ਪੱਥਰਬਾਜ਼ੀ ਕੀਤੀ। ਇੱਥੋਂ ਤੱਕ ਕਿ ਇੱਕ ਸੁਰੱਖਿਆ ਜਵਾਨ ਦਾ ਹਥਿਆਰ ਵੀ ਖੋਹ ਲਿਆ। ਇਸ ’ਤੇ 10 ਗੋਲੀਆਂ ਹਵਾ ਵਿੱਚ ਚਲਾਊਣ ਮਗਰੋਂ ਸਾਡੇ ਸੁਰੱਖਿਆ ਜਵਾਨਾਂ ਨੇ ਆਪਣੇ ਬਚਾਅ ਲਈ ਗੋਲੀਬਾਰੀ ਕੀਤੀ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ।’’ ਊਨ੍ਹਾਂ ਦੱਸਿਆ ਕਿ ਇਹ ਘਟਨਾ ਸਰਹੱਦ ਤੋਂ 75 ਮੀਟਰ ਨੇਪਾਲ ਵਾਲੇ ਪਾਸੇ ਵਾਪਰੀ ਹੈ। ਊਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਨੇਪਾਲੀ ਸੁਰੱਖਿਆ ਅਮਲੇ ਵਲੋਂ ਆਪਣੀ ਭਾਰਤੀ ਹਮਰੁਤਬਾ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਹੁਣ ਸਥਿਤੀ ਆਮ ਵਾਂਗ ਹੋ ਗਈ ਹੈ। ਊਨ੍ਹਾਂ ਕਿਹਾ ਕਿ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।

 

Have something to say? Post your comment

 
 
 
 
 
Subscribe