ਸਿਰਸਾ : ਸਿਰਸਾ ਜ਼ਿਲ੍ਹੇ ਦੇ ਚੋਪਟਾ ਬਲਾਕ ਦੇ ਪਿੰਡ ਰੂਪਾਵਾਸ ਵਿਚ ਵਗਦੀ ਨੋਹਰ ਫ਼ੀਡਰ ਵਿਚੋਂ ਇਕੱਠੇ ਚਾਰ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਨਾਲ ਆਲੇ-ਦੁਆਲੇ ਦੇ ਇਲਾਕੇ ਵਿਚ ਸਨਸਨੀ ਫੈਲ ਗਈ। ਚਾਰੇ ਮ੍ਰਿਤਕ ਆਪਸ ਵਿਚ ਚੁੰਨੀ ਨਾਲ ਬੱਝੇ ਹੋਏ ਸਨ। ਪੁਲਿਸ ਨੂੰ ਇਤਲਾਹ ਮਿਲਣ ਤੇ ਵੀ ਇਨ੍ਹਾਂ ਲਾਸ਼ਾਂ ਦੀ ਸ਼ਨਾਖ਼ਤ ਨਹੀਂ ਹੋ ਸਕੀ। ਪੁਲਿਸ ਅਨੁਸਾਰ ਇਨ੍ਹਾਂ ਵਿਚੋ ਇੱਕ ਵਿਅਕਤੀ ਨੇ ਨੀਲੇ ਰੰਗ ਦਾ ਟ੍ਰੈਕ ਸੂਟ ਪਾਇਆ ਹੋਇਆ ਹੈ ਅਤੇ ਉਸ ਦੇ ਦੇ ਹੱਥ ਉਤੇ SHD ਲਿਖਿਆ ਹੋਇਆ ਹੈ।
ਇਲਾਕਾ ਵਾਸੀਆਂ ਨੇ ਆਰਥਕ ਤੰਗੀ ਕਾਰਨ ਖ਼ੁਦਕਸ਼ੀ ਦਾ ਸ਼ੱਕ ਪ੍ਰਗਟਾਇਆ
ਜਮਾਲ ਪੁਲਿਸ ਚੌਕੀ ਦੇ ਇੰਚਾਰਜ ਓਮ ਪ੍ਰਕਾਸ਼ ਨੇ ਦਸਿਆ ਕਿ ਜਿਨ੍ਹਾਂ ਚਾਰ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ ਉਨ੍ਹਾਂ ਵਿਚ ਮਰਦ ਦੀ ਉਮਰ ਲਗਭਗ 35 ਸਾਲ ਹੈ ਜਦਕਿ ਔਰਤ ਕਰੀਬ 32 ਸਾਲ ਦੀ ਹੈ। ਇਸੇ ਤਰ੍ਹਾਂ ਉਨ੍ਹਾਂ ਨਾਲ ਬੱਝੀ ਕੁੜੀ ਦੀ ਉਮਰ 9 ਸਾਲ ਅਤੇ ਮੁੰਡੇ ਦੀ ਉਮਰ 6 ਸਾਲ ਲੱਗ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਚਾਰੇ ਲਾਸ਼ਾਂ ਨਹਿਰ ਵਿਚ ਪਿਛੇ ਤੋਂ ਵਗਦੇ ਪਾਣੀ ਵਿਚ ਆਈਆਂ ਹਨ। ਪੁਲਿਸ ਅਨੁਸਾਰ ਇਹ ਚਾਰੇ ਮੈਂਬਰ ਇਕ ਹੀ ਪਰਵਾਰ ਦੇ ਹੋ ਸਕਦੇ ਹਨ। ਆਲੇ-ਦੁਆਲੇ ਲੋਕਾਂ ਨੇ ਇਹ ਵੀ ਸ਼ੱਕ ਪ੍ਰਗਟਾਇਆ ਕਿ ਆਰਥਕ ਤੰਗੀ ਕਾਰਨ ਪੂਰੇ ਪਰਵਾਰ ਨੇ ਨੋਹਰ ਫ਼ੀਡਰ ਵਿਚ ਕੁੱਦ ਕੇ ਆਤਮ ਹਤਿਆ ਕਰ ਲਈ ਹੋਵੇਗੀ। ਜਮਾਲ ਚੌਕੀਂ ਦੇ ਇੰਚਾਰਜ ਓਮ ਪ੍ਰਕਾਸ਼ ਦਾ ਕਹਿਣਾ ਹੈ ਕਿ ਪੁਲਿਸ ਨੇੜਲੇ ਥਾਣਿਆਂ ਅਤੇ ਚੌਕੀਆਂ ਵਿਚੋਂ ਗੁਮਸ਼ੁਦਾ ਲੋਕਾਂ ਦੀ ਜਾਣਕਾਰੀ ਜੁਟਾ ਰਹੀ ਹੈ।