ਜ਼ੀਰਕਪੁਰ : ਜ਼ੀਰਕਪੁਰ ਵਿਚ ਕੋਰੋਨਾ ਦਾ ਇਕ ਹੋਰ ਪਾਜ਼ੇਟਿਵ ਮਰੀਜ਼ ਸਾਹਮਣੇ ਆਣ ਕਰ ਕੇ ਪ੍ਰਸ਼ਾਸਨ ਨੂੰ ਇਕ ਵਾਰ ਫਿਰ ਹੱਥਾਂ ਪੈਰਾਂ ਦੀ ਪੈ ਗਈ। ਢਕੋਲੀ ਕਮਿਊਨਿਟੀ ਹੈਲਥ ਸੈਂਟਰ ਦੀ SMO ਡਾ. ਪੌਮੀ ਚਤਰਥ ਨੇ ਦਸਿਆ ਕਿ ਇਹ ਲੜਕੀ 22 ਮਈ ਨੂੰ ਘਰੇਲੂ ਉਡਾਨ ਰਾਹੀਂ ਮੁਹਾਲੀ ਕੌਮਾਂਤਰੀ ਹਵਾਈ ਅੱਡੇ 'ਤੇ ਉਤਰੀ ਸੀ। ਇਸ ਮਗਰੋਂ ਹਵਾਈ ਅੱਡੇ 'ਤੇ ਇਸ ਦਾ ਸੈਂਪਲ ਲਿਆ ਗਿਆ ਸੀ ਤੇ ਫਿਲਹਾਲ ਇਸ ਨੂੰ ਘਰ ਹੀ ਇਕਾਂਤਵਾਸ ਵਿਚ ਰਖਿਆ ਹੋਇਆ ਸੀ। ਉਨ੍ਹਾਂ ਦਸਿਆ ਕਿ ਅੱਜ ਇਸ ਲੜਕੀ ਦੀ ਰੀਪੋਰਟ ਪਾਜ਼ੇਟਿਵ ਆਈ ਹੈ, ਜਦਕਿ 22 ਮਈ ਨੂੰ ਓਮਾਨ ਤੋਂ ਪਰਤੇ ਇਕ 35 ਸਾਲਾ ਨੌਜਵਾਨ ਦੀ ਰੀਪੋਰਟ ਵੀ ਵੀਰਵਾਰ ਨੂੰ ਪਾਜ਼ੇਟਿਵ ਆਈ ਸੀ। ਜ਼ੀਰਕਪੁਰ ਵਿਚ ਮਰੀਜ਼ਾਂ ਦੀ ਕੁੱਲ ਗਿਣਤੀ ਚਾਰ ਹੋ ਗਈ ਹੈ। ਲੜਕੀ ਨੂੰ ਬਨੂੜ ਦੇ ਗਿਆਨ ਸਾਗਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।