ਇਸਲਾਮਾਬਾਦ: ਪਾਕਿਸਤਾਨ 'ਚ ਥੋੜ੍ਹੀ ਦੇਰ ਪਹਿਲਾਂ ਇਕ ਜ਼ਬਰਦਸਤ ਧਮਾਕਾ ਹੋਇਆ ਹੈ। ਬੰਬ ਧਮਾਕੇ 'ਚ 16 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਜਦਕਿ 20 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਵਿਚੋਂ ਕਈਆਂ ਦੀ ਹਾਲਾਤ ਗੰਭੀਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਪਾਕਿਸਤਾਨ ਦੇ ਇਕ ਭੀੜ ਭੜੱਕੇ ਵਾਲੇ ਇਲਾਕੇ, ਕੁਏਟਾ ਦੀ ਹਜ਼ਾਰਗਾਂਜੀ ਸਬਜ਼ੀ ਮੰਡੀ 'ਚ ਹੋਇਆ ਹੈ। ਸਵੇਰ ਦੇ ਸਮੇਂ ਸਬਜ਼ੀ ਮੰਡੀ 'ਚ ਕਾਫ਼ੀ ਭੀੜ ਹੋਣ ਕਾਰਨ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਜ਼ਿਆਦਾ ਹੋਣ ਦਾ ਖਦਸ਼ਾ ਹੈ। ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਧਮਾਕੇ ਦੀ ਸੂਚਨਾ ਮਿਲਦੇ ਹੀ ਪਾਕਿਸਤਾਨੀ ਪੁਲਿਸ, ਫ਼ੌਜ, ਖ਼ੁਫ਼ੀਆ ਏਜੰਸੀ ਦੇ ਅਧਿਕਾਰੀਆਂ ਸਮੇਤ ਸਾਰਾ ਅਮਲਾ ਮੌਕੇ 'ਤੇ ਜੁਟ ਗਿਆ ਹੈ। ਧਮਾਕੇ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਪੂਰੇ ਇਲਾਕੇ ਨੂੰ ਜਾਂਚ ਲਈ ਘੇਰ ਲਿਆ ਗਿਆ ਹੈ। ਜ਼ਖ਼ਮੀਆਂ ਨੂੰ ਲਾਗੇ ਦੇ ਹਸਪਤਾਲਾਂ 'ਚ ਪਹੁੰਚਾਇਆ ਜਾ ਰਿਹਾ ਹੈ। ਜਿਓ ਨਿਊਜ਼ ਅਨੁਸਾਰ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕੁਏਟਾ ਦੇ ਹਜ਼ਾਰਗਾਂਜੀ ਇਲਾਕੇ 'ਚ ਹੋਏ ਇਸ ਭਿਆਨਕ ਧਮਾਕੇ 'ਚ ਜਾਨ ਗੁਆਉਣ ਵਾਲਿਆਂ 'ਚੋਂ ਸੱਤ ਹਜ਼ਾਰਾਂ ਭਾਈਚਾਰੇ ਦੇ ਹਨ। ਧਮਾਕੇ ਕਾਰਨ ਲਾਗੇ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਸ਼ੁਰੂਆਤ 'ਚ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਅੱਠ ਦੱਸੀ ਜਾ ਰਹੀ ਸੀ।