ਇਸਲਾਮਾਬਾਦ (ਏਜੰਸੀ) : ਪਾਕਿਸਤਾਨ ਵਿਚ ਸਿੰਧ ਸੂਬੇ ਦੇ ਘੋਟਕੀ ਜ਼ਿਲੇ ਵਿਚ ਦੋ ਨਾਬਾਲਗ ਹਿੰਦੂ ਭੈਣਾਂ ਦੇ ਮਾਮਲੇ ਵਿਚ ਅਦਾਲਤ ਨੇ ਫੈਸਲਾ ਸੁਣਾਇਆ। ਇਸਲਾਮਾਬਾਦ ਹਾਈ ਕੋਰਟ ਨੇ ਵੀਰਵਾਰ ਨੂੰ ਦੋਵੇਂ ਭੈਣਾਂ ਨੂੰ ਆਪਣੇ ਪਤੀਆਂ ਨਾਲ ਰਹਿਣ ਦੀ ਇਜਾਜ਼ਤ ਦੇ ਦਿੱਤੀ। ਹਾਈ ਕੋਰਟ ਦੋਹਾਂ ਭੈਣਾਂ ਦੀ ਆਪਣੇ ਪਤੀਆਂ ਨਾਲ ਰਹਿਣ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਸੀ। ਹਾਲ ਹੀ ਵਿਚ ਦੋ ਹਿੰਦੂ ਕੁੜੀਆਂ ਦਾ ਕਥਿਤ ਰੂਪ ਨਾਲ ਧਰਮ ਪਰਿਵਰਤਨ ਕਰਾ ਕੇ ਮੁਸਲਿਮ ਪੁਰਸ਼ਾਂ ਨਾਲ ਵਿਆਹ ਕਰਨ ਦਾ ਮਾਮਲਾ ਕਾਫੀ ਗਰਮਾ ਗਿਆ ਸੀ। ਘੋਟਕੀ ਜ਼ਿਲੇ ਦੇ ਦਾਹਾਰਕੀ ਦੀ ਰਹਿਣ ਵਾਲੀ ਰਵੀਨਾ ਅਤੇ ਰੀਨਾ ਨੇ ਬੀਤੇ ਮਹੀਨੇ ਹਾਈ ਕੋਰਟ ਦੀ ਸ਼ਰਨ ਲੈਂਦਿਆਂ ਸਰਕਾਰ, ਪੁਲਸ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ 'ਜ਼ਬਰੀ ਵਾਪਸ ਲਿਆਉਣ ਅਤੇ ਫਿਰ ਜ਼ਬਰੀ ਹਿੰਦੂ ਧਰਮ ਵਿਚ ਪਰਿਵਰਤਨ' ਤੋਂ ਸੁਰੱਖਿਆ ਦੀ ਅਪੀਲ ਕੀਤੀ ਸੀ। ਦੋਹਾਂ ਭੈਣਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਇਸਲਾਮ ਧਰਮ ਅਪਨਾ ਕੇ ਵਿਆਹ ਕੀਤਾ ਹੈ।
ਅੱਜ ਦੀ ਸੁਣਵਾਈ ਵਿਚ ਹਾਈ ਕੋਰਟ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਦੇ ਬਾਅਦ ਦੋਹਾਂ ਭੈਣਾਂ ਨੂੰ ਉਨ੍ਹਾਂ ਦੇ ਪਤੀਆਂ ਨਾਲ ਰਹਿਣ ਦੀ ਇਜਾਜ਼ਤ ਦੇ ਦਿੱਤੀ। ਅਦਾਲਤ ਨੇ ਗ੍ਰਹਿ ਸਕੱਤਰ ਨੂੰ ਦੋਹਾਂ ਭੈਣਾਂ ਅਤੇ ਉਨ੍ਹਾਂ ਦੇ ਪਤੀਆਂ ਦੀ ਸੁਰੱਖਿਆ ਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਦੇ ਇਲਾਵਾ ਅਦਾਲਤ ਨੇ ਜਾਂਚ ਕਮਿਸ਼ਨ ਨੂੰ 14 ਮਈ ਤੱਕ ਆਖਰੀ ਰਿਪੋਰਟ ਦੇਣ ਦੇ ਨਿਰਦੇਸ਼ ਦਿੰਦਿਆਂ ਸੁਣਵਾਈ ਮੁਲਤਵੀ ਕਰ ਦਿੱਤੀ। ਇਸ ਮਾਮਲੇ ਵਿਚ ਅਦਾਲਤ ਨੇ 2 ਅਪ੍ਰੈਲ ਨੂੰ 5 ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਸੀ। ਪਾਕਿਸਤਾਨ ਮੈਡੀਕਲ ਵਿਗਿਆਨ ਸੰਸਥਾ ਦੇ ਰੇਡੀਓਲੋਜੀ ਵਿਭਾਗ ਨੇ ਇਕ ਮੈਡੀਕਲ ਰਿਪੋਰਟ ਅਦਾਲਤ ਸਾਹਮਣੇ ਪੇਸ਼ ਕੀਤੀ ਜਿਸ ਵਿਚ ਕਿਹਾ ਗਿਆ ਹੈ ਕਿ ਵਿਆਹ ਸਮੇਂ ਦੋਵੇਂ ਭੈਣਾਂ ਨਾਬਾਲਗ ਨਹੀਂ ਸਨ। ਰਿਪੋਰਟ ਵਿਚ ਰਵੀਨਾ ਦੀ ਉਮਰ ਸਾਢੇ 19 ਸਾਲ ਅਤੇ ਰੀਨਾ ਦੀ ਸਾਢੇ 18 ਸਾਲ ਦੱਸੀ ਗਈ ਹੈ। ਦੋਵੇਂ ਭੈਣਾਂ ਦੀ ਉਮਰ ਦਾ ਪਤਾ ਹੱਡੀਆਂ ਦਾ ਐੇਕਸ-ਰੇਅ ਕਰ ਕੇ ਲਗਾਇਆ ਗਿਆ ਹੈ।