ਲਾਹੌਰ : ਪਾਕਿਸਤਾਨ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਹੁਕਮ ਦਿੱਤਾ ਕਿ ਉਸ ਈਸਾਈ ਲੜਕੀ ਨੂੰ ਉਸ ਦੇ ਪਰਿਵਾਰ ਹਵਾਲੇ ਕੀਤਾ ਜਾਵੇ, ਜਿਸ ਨੂੰ ਅਗਵਾ ਕਰਨ ਤੋਂ ਬਾਅਦ ਫਰਵਰੀ 'ਚ ਉਸ ਦਾ ਧਰਮ ਪਰਿਵਰਤਨ ਕਰਵਾਇਆ ਗਿਆ ਤੇ ਫਿਰ ਉਸ ਦਾ ਵਿਆਹ ਇਕ ਮੁਸਲਿਮ ਨੌਜਵਾਨ ਨਾਲ ਕਰਵਾ ਦਿੱਤਾ ਗਿਆ। ਸ਼ਾਲਤ ਮਸੀਹ (14) ਨੂੰ ਪੁਲਸ ਨੇ ਲਾਹੌਰ ਹਾਈ ਕੋਰਟ 'ਚ ਪੇਸ਼ ਕੀਤਾ। ਉਸ ਨੇ ਦੱਸਿਆ ਕਿ ਕਿਸ਼ੋਰੀ ਨੂੰ ਉਸ ਦੇ ਸ਼ਹਿਰ ਫੈਸਲਾਬਾਦ ਤੋਂ ਅਗਵਾ ਕੀਤਾ ਗਿਆ ਤੇ ਬਾਅਦ 'ਚ ਇਸ ਮੁਸਲਮਾਨ ਵਿਅਕਤੀ ਨੂੰ ਵੇਚ ਦਿੱਤਾ। ਲੜਕੀ ਦੇ ਪਿਤਾ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਇਲਾਕੇ 'ਚ ਰਹਿਣ ਵਾਲੇ ਈਸਾਈ ਭਾਈਚਾਰੇ ਦੇ ਕੁਝ ਲੋਕਾਂ ਨੇ ਉਨ੍ਹਾਂ ਦੀ ਬੇਟੀ ਨੂੰ ਅਗਵਾ ਕਰਕੇ ਜ਼ਫਰ ਇਕਬਾਲ ਨਾਂ ਦੇ ਵਿਅਕਤੀ ਨੂੰ ਵੇਚ ਦਿੱਤਾ ਸੀ। ਡਾਨ ਨੇ ਪਿਤਾ ਦੇ ਹਵਾਲੇ ਨਾਲ ਕਿਹਾ ਕਿ ਇਕਬਾਲ ਨੇ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਾਕੇ ਨਾਬਾਲਗ ਕਿਸ਼ੋਰੀ ਨਾਲ ਨਿਕਾਹ ਕਰ ਲਿਆ। ਉਸ ਨੂੰ 20 ਫਰਵਰੀ ਨੂੰ ਜਾਮਿਆ ਰਿਜ਼ਵੀ ਮਜ਼ਹਰ-ਏ-ਇਸਲਾਮ ਫੈਸਲਾਬਾਦ ਲਿਜਾਇਆ ਗਿਆ ਤੇ ਉਸ ਦਾ ਨਾਂ ਆਇਸ਼ਾ ਰੱਖਿਆ ਗਿਆ। ਸੁਣਵਾਈ ਦੌਰਾਨ ਜੱਜ ਤਾਰਿਕ ਸਲੀਮ ਸ਼ੇਖ ਨੇ ਲੜਕੀ ਨੂੰ ਉਸ ਦੇ ਪਰਿਵਾਰ ਵਾਲਿਆਂ ਹਵਾਲੇ ਕਰਨ ਦੇ ਹੁਕਮ ਸੁਣਾਏ।