ਨੂੰਹ : ਹਰਿਆਣਾ ਦੇ ਨੂੰਹ ਜ਼ਿਲ੍ਹੇ ਵਿਚ ਡੰਰ ਨਾਲ ਡੀਐੱਸਪੀ ਨੂੰ ਕੁਚਲਣ ਵਾਲਾ ਡੰਪਰ ਡਰਾਈਵਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਗੈਰ-ਕਾਨੂੰਨੀ ਮਾਈਨਿੰਗ ਦੀ ਸੂਚਨਾ ‘ਤੇ ਡੀਐੱਸਪੀ ਸੁਰਿੰਦਰ ਸਿੰਘ ਇਥੇ ਛਾਪਾ ਮਾਰੇ ਗਏ ਸਨ। ਹਰਿਆਣਾ ਪੁਲਿਸ ਨੇ ਸਥਾਨਕ ਪੁਲਿਸ ਦੇ ਸਹਿਯੋਗ ਨਾਲ ਦੋਸ਼ੀ ਡੰਪਰ ਡਰਾਈਵਰ ਮਿਤਰ ਮੇਵ ਪਿਤਾ ਇਸ਼ਾਕ ਨੂੰ ਭਰਤਪੁਰ ਦੇ ਪਹਾੜੀ ਇਲਾਕੇ ਗੰਗੋਰਾ ਤੋਂ ਫੜਿਆ।
ਹਰਿਆਣਾ ਦੇ ਤਾਵੜੂ ਵਿਚ ਡੀਐੱਸਪੀ ਦੀ ਹੱਤਿਆ ਦੇ ਬਾਅਦ ਮਿੱਤਰ ਹਰਿਆਣਾ ਤੋਂ ਭੱਜ ਕੇ ਗੰਗੋਰਾ ਦੀਆਂ ਪਹਾੜੀਆਂ ਵਿਚ ਆ ਕੇ ਲੁਕ ਗਿਆ ਸੀ। ਦੋਸ਼ੀ ਬਾਰੇ ਪਤਾ ਲੱਗਾ ਤਾਂ ਹਰਿਆਣਾ ਤੇ ਭਰਤਪੁਰ ਪੁਲਿਸ ਨੇ ਉਸ ਨੂੰ ਘੇਰ ਕੇ ਦਬੋਚ ਲਿਆ।
ਦੋਸ਼ੀ ਮਿੱਤਰ ਹਰਿਆਣਾ ਦੇ ਤਾਵੜੂ ਦਾ ਰਹਿਣ ਵਾਲਾ ਹੈ। ਹਰਿਆਣਾ ਪੁਲਿਸ ਦੇ ਸਾਥੀ ਕਲੀਨਰ ਇਕਰਾਰ ਨੂੰ ਗ੍ਰਿਫਤਾਰ ਕਰ ਲਿਆ ਸੀ। ਇਕਰਾਰ ਨੂੰ ਪਤਾ ਸੀ ਕਿ ਮਿੱਤਰ ਕਿਥੇ ਲੁਕਿਆ ਹੈ। ਉਸ ਨੇ ਪੁਲਿਸ ਨੂੰ ਮਿੱਤਰ ਦਾ ਪਤਾ ਦੱਸਿਆ। ਹਰਿਆਣਾ ਪੁਲਿਸ ਮਿੱਤਰ ਦੇ ਇਕ ਸਾਥੀ ਨੂੰ ਲੈ ਕੇ ਆਈ ਸੀ, ਉਸ ਨੇ ਮਿੱਤਰ ਦੀ ਸ਼ਨਾਖਤ ਕੀਤੀ।
ਪੁਲਿਸ ਨੇ ਵਾਰਦਾਤ ਦੇ 30 ਘੰਟੇ ਬਾਅਦ ਹੀ ਡੰਪਰ ਡਰਾਈਵਰ ਨੂੰ ਦਬੋਚ ਲਿਆ। ਡੀਐੱਸਪੀ ਦੀ ਹੱਤਿਆ ਦੇ ਬਾਅਦ ਹਰਿਆਣਾ ਵਿਚ ਸਖਤ ਨਾਕਾਬੰਦੀ ਕੀਤੀ ਗਈ ਸੀ। ਕਲੀਨਰ ਇਕਰਾਰ ਦੀ ਗ੍ਰਿਫਤਾਰੀ ਦੇ ਬਾਅਦ 2 ਜ਼ਿਲ੍ਹਿਆਂ ਵਿਚ ਲਗਭਗ 400 ਤੋਂ ਵਧ ਪੁਲਿਸ ਦੇ ਜਵਾਨਾਂ ਨੇ ਮਿਤਰ ਦੀ ਭਾਲ ਵਿਚ ਨੂੰਹ ਇਲਾਕੇ ਵਿਚ ਸਰਚ ਮੁਹਿੰਮ ਚਲਾਈ ਸੀ।
ਮਿੱਤਰ ਦੀ ਗ੍ਰਿਫਤਾਰੀ ਦੇ ਬਾਅਦ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਟਵੀਟ ਕਰਕੇ ਗ੍ਰਿਫਤਾਰੀ ਦੀ ਜਾਣਕਾਰੀ ਦਿੱਤੀ। ਇਸ ਮਾਮਲੇ ਵਿਚ ਹੁਣ ਤੱਕ ਮੁੱਖ ਦੋਸ਼ੀ ਸਣੇ 2 ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ। ਹੋਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।