ਕੁਝ ਲੋਕਾਂ ਨੂੰ ਸਵੇਰੇ ਉੱਠਦੇ ਹੀ ਮੂੰਹ ‘ਚੋਂ ਬਦਬੂ ਆਉਣ ਦਾ ਅਹਿਸਾਸ ਹੁੰਦਾ ਹੈ। ਕੁਝ ਲੋਕਾਂ ਦੇ ਮੂੰਹ ‘ਚੋਂ ਤਾਂ ਪਰਮਾਨੈਂਟ ਇੰਨੀ ਬਦਬੂ ਆਉਂਦੀ ਹੈ ਕਿ ਉਨ੍ਹਾਂ ਦੇ ਨੇੜੇ ਖੜ੍ਹੇ ਹੋ ਕੇ ਗੱਲ ਕਰਨੀ ਵੀ ਮੁਸ਼ਕਿਲ ਹੋ ਜਾਂਦੀ ਹੈ।
ਪਰ, ਕੀ ਤੁਸੀਂ ਕਦੇ ਸੋਚਿਆ ਹੈ ਕਿ ਅਜਿਹਾ ਕਿਉਂ ਹੁੰਦਾ ਹੈ? ਵੈਸੇ ਤਾਂ ਸਵੇਰੇ ਮੂੰਹ ‘ਚੋਂ ਬਦਬੂ ਆਉਣਾ ਆਮ ਗੱਲ ਹੈ ਪਰ ਕਈ ਵਾਰ ਇਹ ਬੀਮਾਰੀਆਂ ਦਾ ਸੰਕੇਤ ਵੀ ਹੋ ਸਕਦਾ ਹੈ। ਆਓ ਅੱਜ ਜਾਣਦੇ ਹਾਂ ਸਵੇਰੇ ਮੂੰਹ ‘ਚੋਂ ਬਦਬੂ ਆਉਣਾ ਸਾਧਾਰਨ ਹੈ ਜਾਂ ਅਸਧਾਰਨ।
ਸਵੇਰੇ ਮੂੰਹ ‘ਚੋਂ ਕਿਉਂ ਆਉਂਦੀ ਹੈ ਬਦਬੂ ?
ਡ੍ਰਾਈ ਮਾਊਥ:
ਮਾਹਿਰਾਂ ਅਨੁਸਾਰ ਸਵੇਰੇ ਸੌ ਕੇ ਉੱਠਣ ਦੇ ਕਰੀਬ 6-9 ਘੰਟੇ ਦੀ ਨੀਂਦ ਦੇ ਵਿਚਕਾਰ ਪਾਣੀ ਨਾ ਪੀਣ ਨਾਲ ਮੂੰਹ ਸੁੱਕ ਜਾਂਦਾ ਹੈ।
ਡ੍ਰਾਈ ਮਾਊਥ ਕਾਰਨ ਅੰਦਰ ਬੈਕਟੀਰੀਆ ਤੇਜ਼ੀ ਨਾਲ ਵਧਦੇ ਹਨ, ਜਿਸ ਕਾਰਨ ਬਦਬੂ ਆਉਂਦੀ ਹੈ। ਕੁਝ ਦਵਾਈਆਂ ਕਾਰਨ ਮੂੰਹ ਖੁਸ਼ਕ ਹੋ ਸਕਦਾ ਹੈ, ਜਿਸ ਨਾਲ ਸਵੇਰ ਦਾ ਸਾਹ ਹੋਰ ਵੀ ਖਰਾਬ ਹੋ ਜਾਂਦੀ ਹੈ।
ਮੂੰਹ ਨਾਲ ਸਾਹ ਲੈਣਾ:
ਜਿਹੜੇ ਲੋਕ ਆਪਣੇ ਨੱਕ ਦੀ ਬਜਾਏ ਮੂੰਹ ਰਾਹੀਂ ਸਾਹ ਲੈਂਦੇ ਹਨ ਜਾਂ ਜਿਨ੍ਹਾਂ ਨੂੰ ਖਰਾਟੇ ਆਉਂਦੇ ਹਨ ਉਨ੍ਹਾਂ ਦੇ ਮੂੰਹ ‘ਚੋਂ ਬਦਬੂ ਹੋਰ ਵੀ ਜ਼ਿਆਦਾ ਆਉਂਦੀ ਹੈ।
ਇਸ ਤੋਂ ਇਲਾਵਾ ਜ਼ਿਆਦਾ ਦਵਾਈਆਂ ਲੈਣ ਵਾਲੇ, ਐਲਰਜੀ, ਜ਼ਿਆਦਾ ਸਮੋਕਿੰਗ ਕਰਨ ਵਾਲੇ ਲੋਕਾਂ ਦੇ ਮੂੰਹ ‘ਚੋਂ ਵੀ ਜ਼ਿਆਦਾ ਬਦਬੂ ਆਉਂਦੀ ਹੈ।
periodontal ਬੀਮਾਰੀ:
ਸਵੇਰ ਦਾ ਸਾਹ ਪੀਰੀਅਡੋਂਟਲ ਬਿਮਾਰੀ ਦਾ ਲੱਛਣ ਹੋ ਸਕਦਾ ਹੈ। ਪੀਰੀਓਡੌਂਟਲ ਬਿਮਾਰੀ ਮਸੂੜਿਆਂ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਦੰਦਾਂ ਦੇ ਹੇਠਾਂ ਇਨਫੈਕਸ਼ਨ ਹੋ ਜਾਂਦੀ ਹੈ। ਅਜਿਹੇ ‘ਚ ਤੁਹਾਨੂੰ ਕਿਸੇ ਮਾਹਰ ਦੁਆਰਾ ਜਾਂਚ ਕਰਵਾਉਣੀ ਚਾਹੀਦੀ ਹੈ।
ਲਸਣ ਜਾਂ ਕੱਚਾ ਪਿਆਜ਼:
ਸ਼ਾਮ ਨੂੰ ਤੇਜ਼ ਮਹਿਕ ਵਾਲੇ ਫ਼ੂਡ ਜਿਵੇਂ ਕਿ ਲਸਣ ਜਾਂ ਕੱਚਾ ਪਿਆਜ਼ ਆਦਿ ਖਾਣ ਨਾਲ ਵੀ ਸਵੇਰੇ ਮੂੰਹ ‘ਚੋਂ ਬਦਬੂ ਆ ਸਕਦੀ ਹੈ।
ਬਦਬੂ ਤੋਂ ਛੁਟਕਾਰਾ ਪਾਉਣ ਲਈ ਕਰੋ ਇਹ ਕੰਮ
ਰੋਜ਼ਾਨਾ ਘੱਟੋ-ਘੱਟ 2 ਵਾਰ ਬੁਰਸ਼ ਕਰੋ। ਧਿਆਨ ਰਹੇ ਕਿ 2-3 ਮਿੰਟ ਲਈ ਬੁਰਸ਼ ਕਰੋ। ਰਾਤ ਨੂੰ ਸੌਣ ਤੋਂ ਪਹਿਲਾਂ ਬੁਰਸ਼ ਕਰਨਾ ਨਾ ਭੁੱਲੋ।
ਬੁਰਸ਼ ਕਰਦੇ ਸਮੇਂ ਦੰਦਾਂ ਦੇ ਨਾਲ-ਨਾਲ ਜੀਭ ਦੀ ਵੀ ਚੰਗੀ ਤਰ੍ਹਾਂ ਸਫ਼ਾਈ ਕਰੋ।
ਮਾਊਥ ਵਾਸ਼ ਮੂੰਹ ‘ਚ ਮੌਜੂਦ ਕੀਟਾਣੂਆਂ ਅਤੇ ਬੈਕਟੀਰੀਆ ਨੂੰ ਵੀ ਖ਼ਤਮ ਕਰਦਾ ਹੈ। ਅਜਿਹੇ ‘ਚ ਕਿਸੀ ਫ਼ੰਕਸ਼ਨ ਜਾਂ ਕਿਤੇ ਜਾਣ ‘ਤੇ ਬਦਬੂ ਦੂਰ ਕਰਨ ਲਈ 30 ਸੈਕਿੰਡ ਤੱਕ ਮਾਊਥਵਾਸ਼ ਨਾਲ ਕੁਰਲੀ ਕਰੋ।
ਦੰਦਾਂ ਦੇ ਵਿਚਕਾਰ ਸਾਫ਼ ਕਰਨ ਲਈ ਫਲਾਸਿੰਗ ਜ਼ਰੂਰੀ ਕਰੋ।
ਇਨ੍ਹਾਂ ਘਰੇਲੂ ਨੁਸਖਿਆਂ ਨੂੰ ਅਜ਼ਮਾਓ
ਇਸ ਦੇ ਲਈ 1 ਚੱਮਚ ਦਾਲਚੀਨੀ ਪਾਊਡਰ ਨੂੰ 1 ਕੱਪ ਪਾਣੀ ‘ਚ ਉਬਾਲੋ। ਫਿਰ ਇਸ ਨੂੰ ਗੁਣਗੁਣਾ ਕਰਕੇ ਕੁਰਲੀ ਕਰੋ। ਨਿਯਮਿਤ ਤੌਰ ‘ਤੇ ਅਜਿਹਾ ਕਰਨ ਨਾਲ ਤੁਹਾਨੂੰ ਫਰਕ ਦਿਖਾਈ ਦੇਵੇਗਾ।
ਮੂੰਹ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਸੌਂਫ ਅਤੇ ਇਲਾਇਚੀ ਬੈਸਟ ਆਪਸ਼ਨ ਹਨ। ਇਹ ਦੋਵੇਂ ਮਾਊਥ ਫਰੈਸ਼ਨਰ ਦਾ ਕੰਮ ਕਰਦੇ ਹਨ। ਤੁਸੀਂ ਇਸ ਨੂੰ ਮੂੰਹ ‘ਚ ਰੱਖ ਕੇ ਚਬਾ ਸਕਦੇ ਹੋ ਜਾਂ ਪਾਣੀ ‘ਚ ਉਬਾਲ ਕੇ ਗਾਰਗਲ ਕਰ ਸਕਦੇ ਹੋ। ਇਸ ਨਾਲ ਬਦਬੂ ਵੀ ਦੂਰ ਹੋਵੇਗੀ ਅਤੇ ਪੇਟ ਵੀ ਸਾਫ ਹੋਵੇਗਾ।
ਲੌਂਗ ਦੇ ਟੁਕੜੇ ਨੂੰ ਦੰਦਾਂ ‘ਚ ਕੁਝ ਦੇਰ ਲਈ ਰੱਖੋ ਜਾਂ ਚਾਹ ਬਣਾ ਕੇ ਪੀਓ। ਇਸ ਨਾਲ ਵੀ ਮੂੰਹ ਦੀ ਬਦਬੂ ਤੋਂ ਛੁਟਕਾਰਾ ਮਿਲੇਗਾ।
ਨਿੰਬੂ ਮੂੰਹ ‘ਚ ਬੈਕਟੀਰੀਆ ਨੂੰ ਵਧਣ ਤੋਂ ਰੋਕਦਾ ਹੈ। ਇਸ ਦੇ ਲਈ 1 ਕੱਪ ਪਾਣੀ ‘ਚ ਇਕ ਚੱਮਚ ਨਿੰਬੂ ਦਾ ਰਸ ਮਿਲਾ ਕੇ ਗਾਰਗਲ ਕਰੋ। ਇਸ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਵੇਗੀ।