ਪਾਣੀਪਤ: ਹਰਿਆਣਾ ਦੀ ਪਾਣੀਪਤ ਜ਼ਿਲ੍ਹਾ ਅਦਾਲਤ ਨੇ 12 ਸਾਲਾ ਬੱਚੀ ਨਾਲ ਜਬਰ ਜਨਾਹ ਅਤੇ ਉਸ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਦੋ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ।
ਜਨਵਰੀ 2018 'ਚ ਦੋਹਾਂ ਦੋਸ਼ੀਆਂ ਨੇ ਗੁਆਂਢ ਦੀ ਇਕ ਲੜਕੀ ਨਾਲ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੁਮਿਤ ਗਰਗ ਦੀ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਅਜਿਹੇ ਲੋਕਾਂ ਨੂੰ ਸਮਾਜ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ, ਇਹ ਲੋਕ ਸਮਾਜ ਲਈ ਖ਼ਤਰਾ ਹਨ।
ਜੱਜ ਨੇ ਦੋਸ਼ੀਆਂ ਨੂੰ ਆਈਪੀਸੀ ਦੀ ਧਾਰਾ 302, 376ਏ ਅਤੇ 6 ਪੋਕਸੋ ਦੇ ਤਹਿਤ ਮੌਤ ਦੀ ਸਜ਼ਾ, 20-20 ਹਜ਼ਾਰ ਦਾ ਜ਼ੁਰਮਾਨਾ ਅਤੇ ਜੁਰਮਾਨਾ ਅਦਾ ਨਾ ਕਰਨ 'ਤੇ 6-6 ਮਹੀਨੇ ਦੀ ਵਾਧੂ ਸਜ਼ਾ ਸੁਣਾਈ।
ਆਈਪੀਸੀ ਦੀ ਧਾਰਾ 363 ਅਤੇ 201 ਤਹਿਤ 7-7 ਸਾਲ ਦੀ ਕੈਦ, 5-5 ਹਜ਼ਾਰ ਰੁਪਏ ਜੁਰਮਾਨਾ ਅਤੇ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿਚ 1-1 ਮਹੀਨੇ ਦੀ ਵਾਧੂ ਸਜ਼ਾ ਸੁਣਾਈ ਹੈ।
ਆਈਪੀਸੀ ਦੀ ਧਾਰਾ 366 ਵਿਚ 10 ਸਾਲ ਦੀ ਕੈਦ, 5, 000 ਰੁਪਏ ਜੁਰਮਾਨਾ ਅਤੇ ਜੁਰਮਾਨੇ ਦੀ ਅਦਾਇਗੀ ਨਾ ਕਰਨ 'ਤੇ ਇਕ ਮਹੀਨੇ ਦੀ ਵਾਧੂ ਕੈਦ ਦੀ ਵਿਵਸਥਾ ਹੈ।
ਆਈਪੀਸੀ ਦੀ ਧਾਰਾ 376 ਡੀ ਵਿਚ ਉਮਰ ਕੈਦ, 25, 000 ਰੁਪਏ ਜੁਰਮਾਨਾ ਅਤੇ ਜੁਰਮਾਨੇ ਦੀ ਅਦਾਇਗੀ ਨਾ ਕਰਨ 'ਤੇ 6 ਮਹੀਨੇ ਦੀ ਵਾਧੂ ਸਜ਼ਾ ਦਾ ਪ੍ਰਬੰਧ ਹੈ।
ਜੇਕਰ ਦੋਸ਼ੀਆਂ ਨੂੰ 376 ਡੀ ਤਹਿਤ ਸਜ਼ਾ ਹੋਈ ਜੁਰਮਾਨੇ ਦੀ ਰਾਸ਼ੀ ਦਾ ਭੁਗਤਾਨ ਕੀਤਾ ਜਾਂਦਾ ਹੈ ਤਾਂ 25 ਹਜ਼ਾਰ ਦੀ ਰਾਸ਼ੀ ਪੀੜਤ ਪਰਿਵਾਰ ਨੂੰ ਦਿੱਤੀ ਜਾਵੇਗੀ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਥਾਣਾ ਮਤਲੌੜਾ ਅਧੀਨ ਪੈਂਦੇ ਪਿੰਡ ਉਰਲਾਣਾ ਕਲਾ ਵਾਸੀ ਇਕ ਵਿਅਕਤੀ ਨੇ ਦੱਸਿਆ ਸੀ ਕਿ ਉਸ ਦੀ ਵੱਡੀ ਭੈਣ ਦੀ 12 ਸਾਲ ਦੀ ਬੇਟੀ ਬਚਪਨ ਤੋਂ ਹੀ ਉਹਨਾਂ ਦੇ ਨਾਲ ਰਹਿੰਦੀ ਸੀ।
13 ਜਨਵਰੀ 2018 ਨੂੰ ਸ਼ਾਮ ਕਰੀਬ 6 ਵਜੇ ਉਹਨਾਂ ਦੀ ਭਾਣਜੀ ਘਰ ਦਾ ਕੂੜਾ ਸੁੱਟਣ ਗਈ ਸੀ, ਜੋ ਉਸ ਸਮੇਂ ਤੋਂ ਲਾਪਤਾ ਸੀ। ਉਸ ਦੇ ਪਰਿਵਾਰ ਵਾਲਿਆਂ ਨੇ ਸਾਰੀ ਰਾਤ ਭਾਲ ਕੀਤੀ ਪਰ ਉਸ ਦਾ ਕਿਧਰੇ ਵੀ ਪਤਾ ਨਹੀਂ ਲੱਗਾ।
14 ਜਨਵਰੀ 2018 ਨੂੰ ਉਸ ਦੀ ਨਗਨ ਅਵਸਥਾ ਵਿਚ ਮਿਲੀ ਸੀ। ਚਾਚੇ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਨਹੀਂ ਜਾਣਦਾ ਕਿ ਇਹ ਵਾਰਦਾਤ ਕਿਸ ਨੇ ਕੀਤੀ ਹੈ ਅਤੇ ਨਾ ਹੀ ਉਸ ਨੂੰ ਕਿਸੇ ’ਤੇ ਸ਼ੱਕ ਹੈ। ਜਿਸ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।