ਵਾਸ਼ਿੰਗਟਨ : ਵਿੱਤੀ ਕਾਰਵਾਈ ਟਾਸਕ ਫੋਰਸ (FATF) ਦੀ ਈਕਾਈ ਏਸ਼ੀਆ ਪੈਸਿਫਿਕ ਗਰੁੱਪ (APG) ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਹੈ। ਉਸ ਨੇ ਆਪਣੀ ਰਿਪੋਰਟ ਵਿਚ ਇਹ ਨਤੀਜਾ ਕੱਢਿਆ ਹੈ ਕਿ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੀ ਪਾਬੰਦੀਸ਼ੁਦਾ ਕਮੇਟੀ 1267 ਵੱਲੋਂ 26/11 ਦੇ ਮਾਸਟਰਮਾਈਂਡ ਹਾਫਿਜ਼ ਸਈਦ ਅਤੇ ਜਮਾਤ-ਉਦ-ਦਾਅਵਾ ਨਾਲ ਸੰਬੰਧਤ ਹੋਰ ਅੱਤਵਾਦੀਆਂ 'ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ ਕੀਤਾ। ਏ.ਪੀ.ਜੀ. ਦਾ ਕਹਿਣਾ ਹੈ ਕਿ ਇਹੀ ਰਵੱਈਆ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨਾਲ ਵੀ ਹੈ। ਏ.ਪੀ.ਜੀ. ਨੇ 'ਮਿਊਚਲ ਇਵੈਲੁਏਸ਼ਨ ਰਿਪੋਰਟ ਆਫ ਪਾਕਿਸਤਾਨ' ਨਾਮ ਦੀ ਰਿਪੋਰਟ ਵਿਚ ਕਿਹਾ ਹੈ ਕਿ ਦੇਸ਼ ਨੂੰ ਆਪਣੀ ਮਨੀ ਲਾਂਡਰਿੰਗ ਜਾਂ ਅੱਤਵਾਦੀ ਵਿੱਤਪੋਸ਼ਣ ਦੇ ਖਤਰਿਆਂ ਦੀ ਪਛਾਣ, ਮੁਲਾਂਕਣ ਅਤੇ ਸਮਝ ਹੋਣੀ ਚਾਹੀਦੀ ਹੈ। ਇਸ ਵਿਚ ਅਲਕਾਇਦਾ, ਦਾਏਸ਼, ਜਮਾਤ-ਉਦ-ਦਾਅਵਾ ਤੋਂ ਜੈਸ਼-ਏ-ਮੁਹੰਮਦ ਸਮੇਤ ਹੋਰ ਅੱਤਵਾਦੀ ਸਮੂਹਾਂ ਨਾਲ ਜੁੜੇ ਖਤਰੇ ਸ਼ਾਮਲ ਹਨ।ਗੌਰਤਲਬ ਹੈ ਕਿ ਪਾਕਿਸਤਾਨ ਨੂੰ ਮਿਲੀ ਡੇਟਲਾਈਨ ਸਤੰਬਰ ਵਿਚ ਖਤਮ ਹੋ ਚੁੱਕੀ ਹੈ। ਇਹ ਰਿਪੋਰਟ ਪਾਕਿਸਤਾਨ ਵੱਲੋਂ ਕੀਤੀਆਂ ਕੋਸ਼ਿਸ਼ਾਂ ਲਈ ਝਟਕਾ ਹੈ। ਉਸ 'ਤੇ ਬਲੈਕ ਲਿਸਟ ਹੋਣ ਦਾ ਖਤਰਾ ਵੱਧ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਪੈਰਿਸ ਵਿਚ 13 ਤੋਂ 18 ਅਕਤੂਬਰ ਵਿਚ ਹੋਣ ਵਾਲੀ ਬੈਠਕ ਵਿਚ ਮਾਮਲੇ ਦੀ ਆਖਰੀ ਸਮੀਖਿਆ ਕੀਤੀ ਜਾਵੇਗੀ।