ਅਹਿਮਦਨਗਰ : ਮਹਾਰਾਸ਼ਟਰ ਦੇ ਅਹਿਮਦਨਗਰ ਦੇ ਜ਼ਿਲਾ ਹਸਪਤਾਲ 'ਚ ਸ਼ਨੀਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਹਸਪਤਾਲ ਦੇ ਆਈਸੀਯੂ ਵਿੱਚ ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਹੈ। ਮੌਕੇ 'ਤੇ ਕਈ ਫਾਇਰ ਟੈਂਡਰ ਅੱਗ ਬੁਝਾਉਣ 'ਚ ਜੁਟੇ ਹੋਏ ਹਨ। ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਨੂੰ ਕਿਸੇ ਹੋਰ ਥਾਂ ’ਤੇ ਭੇਜ ਦਿੱਤਾ ਗਿਆ। ਇਸ ਦੌਰਾਨ ਹਸਪਤਾਲ 'ਚ ਰੱਖੇ ਅੱਗ ਬੁਝਾਊ ਯੰਤਰ ਅੱਗ 'ਤੇ ਕਾਬੂ ਪਾਉਣ 'ਚ ਅਸਫਲ ਰਹੇ, ਜਿਸ ਕਾਰਨ ਅੱਗ ਹੋਰ ਵਧ ਗਈ |
ਅੱਗ ਸ਼ਨੀਵਾਰ ਸਵੇਰੇ ਕਰੀਬ 11.30 ਵਜੇ ਲੱਗੀ। ਜਦੋਂ ਅੱਗ ਲੱਗੀ ਉਸ ਸਮੇਂ ਆਈਸੀਯੂ ਵਾਰਡ ਵਿੱਚ 20 ਲੋਕ ਮੌਜੂਦ ਸਨ। ਆਈਸੀਯੂ ਵਿੱਚ ਕਈ ਮਰੀਜ਼ ਅਜਿਹੇ ਵੀ ਸਨ ਜੋ ਵੈਂਟੀਲੇਟਰ 'ਤੇ ਸਨ। ਹਸਪਤਾਲ ਦੇ ਵਾਰਡ ਬੁਆਏ, ਨਰਸਾਂ ਅਤੇ ਡਾਕਟਰਾਂ ਨੇ ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਵਾਰਡ ਵਿੱਚ ਭੇਜ ਦਿੱਤਾ। ਜਿਸ ਵਾਰਡ ਵਿੱਚ ਅੱਗ ਲੱਗੀ ਉਹ ਹਸਪਤਾਲ ਦੇ ਬਿਲਕੁਲ ਵਿਚਕਾਰ ਹੈ। ਅਹਿਮਦਨਗਰ ਨਗਰ ਨਿਗਮ ਅਤੇ ਐਮਆਈਡੀਸੀ ਫਾਇਰ ਵਿਭਾਗ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਮੁੱਢਲਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ।