ਟੋਰਾਂਟੋ : ਕੈਨੇਡਾ ਵਿਚ ਕਾਮਿਆਂ ਦੀ ਵੱਡੀ ਪੱਧਰ ਉਤੇ ਲੋੜ ਹੈ ਪਰ ਇਹ ਵਰਕਰ ਮਿਲ ਨਹੀਂ ਰਹੇ ਜਿਸ ਕਰ ਕੇ ਕਈ ਵੱਡੇ ਕਾਰੋਬਾਰ ਬੰਦ ਹੋਣ ਕੰਢੇ ਪੁੱਜ ਗਏ ਹਨ। ਜਿਨ੍ਹਾਂ ਸੈਕਟਰਜ਼ ਨੂੰ ਸੱਭ ਤੋਂ ਵੱਧ ਨੁਕਸਾਨ ਹੋਇਆ ਹੈ ਉਨ੍ਹਾਂ ਵਿੱਚ ਹੌਸਪਿਟੈਲਿਟੀ ਅਤੇ ਫੂਡ ਸਰਵਿਸਿਜ਼, ਹੈਲਥ ਕੇਅਰ, ਮੈਨੂਫੈਕਚਰਿੰਗ ਤੇ ਕੰਸਟ੍ਰਕਸ਼ਨ, ਰੀਟੇਲ ਟਰੇਡ ਅਤੇ ਟਰੱਕਿੰਗ ਮੁੱਖ ਹਨ।
ਦਰਅਸਲ ਕੋਵਿਡ-19 ਮਹਾਂਮਾਰੀ ਦਾ ਅਰਥਚਾਰੇ ਉੱਤੇ ਪੈਣ ਵਾਲਾ ਪ੍ਰਭਾਵ ਹੁਣ ਨਜ਼ਰ ਆਉਣ ਲੱਗਿਆ ਹੈ। ਇਸ ਮਹਾਂਮਾਰੀ ਕਾਰਨ ਹਾਲਾਤ ਇਹੋ ਜਿਹੇ ਹੋ ਗਏ ਹਨ ਕਿ ਕਈ ਕਾਰੋਬਾਰਾਂ ਨੂੰ ਵਰਕਰਜ਼ ਦੀ ਭਾਲ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਹਾਲਾਤ ਇੱਥੋਂ ਤੱਕ ਨਿੱਘਰ ਗਏ ਹਨ ਕਿ ਲੇਬਰ ਦੀ ਘਾਟ ਕਾਰਨ ਕਈ ਸੈਕਟਰ ਠੱਪ ਹੋਣ ਕਿਨਾਰੇ ਪਹੁੰਚ ਗਏ ਹਨ। ਬਿਜ਼ਨਸ ਭਾਵੇਂ ਵੱਡੇ ਹੋਣ ਜਾਂ ਛੋਟੇ ਸਾਰੇ ਇਹੋ ਸ਼ਿਕਾਇਤ ਕਰ ਰਹੇ ਹਨ ਕਿ ਉਨ੍ਹਾਂ ਨੂੰ ਸਟਾਫ ਦੀ ਭਾਲ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਇੰਪਲੌਇਰਜ਼ ਵੱਲੋਂ ਵਰਕਰਜ਼ ਨੂੰ ਆਕਰਸ਼ਿਤ ਕਰਨ ਲਈ ਵਧੇਰੇ ਇਨਸੈਂਟਿਵਜ਼ ਜਿਵੇਂ ਕਿ ਵੱਧ ਵੇਜਿਜ਼, ਬੋਨਸਿਜ਼ ਤੇ ਕੰਮ ਕਰਨ ਦੇ ਘੰਟਿਆਂ ਵਿੱਚ ਰਿਆਇਤ, ਦੇਣ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ। ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਦਾ ਕਹਿਣਾ ਹੈ ਕਿ ਇਸ ਸਮੇਂ ਸਿਰਫ 40 ਫੀਸਦੀ ਨਿੱਕੇ ਬਿਜ਼ਨਸਿਜ਼ ਹੀ ਨਾਰਮਲ ਸੇਲਜ਼ ਕਰ ਪਾ ਰਹੇ ਹਨ। ਸਟੈਟੇਸਟਿਕਸ ਕੈਨੇਡਾ ਅਨੁਸਾਰ 2021 ਦੀ ਦੂਜੀ ਛਿਮਾਹੀ ਵਿੱਚ 731, 900 ਜੌਬ ਵੈਕੈਂਸੀਜ਼ ਹਨ। ਸਟੈਟਕੈਨ ਦਾ ਇਹ ਵੀ ਕਹਿਣਾ ਹੈ ਕਿ ਇਹ ਵੈਕੈਂਸੀਜ਼ ਸਾਰੇ ਪ੍ਰਵਿੰਸਾਂ States ਵਿੱਚ ਵੇਖੀਆਂ ਜਾ ਸਕਦੀਆਂ ਹਨ। ਪਰ ਇਹ ਸੱਭ ਤੋਂ ਵੱਧ ਕਿਊਬਿਕ, ਓਨਟਾਰੀਓ ਤੇ ਬੀਸੀ ਵਿੱਚ ਪਾਈਆਂ ਜਾ ਰਹੀਆਂ ਹਨ। ਇਸ ਦੌਰਾਨ ਵਰਕ ਫਰੌਮ ਹੋਮ ਮਾਡਲ ਅਪਨਾਉਣ ਵਾਲੇ ਸੈਕਟਰਜ਼ ਜਿਵੇਂ ਕਿ ਫਾਇਨਾਂਸ, ਇੰਸ਼ੋਰੈਂਸ ਤੇ ਰੀਅਲ ਅਸਟੇਟ ਆਦਿ ਦਾ ਕੰਮ ਮਹਾਂਮਾਰੀ ਦੌਰਾਨ ਵੀ ਠੀਕ ਚੱਲਦਾ ਰਿਹਾ। ਦੂਜੇ ਪਾਸੇ ਫੂਡ ਸਰਵਿਸਿਜ਼, ਟਰਾਂਸਪੋਰਟੇਸ਼ਨ ਤੇ ਮਨੋਰੰਜਨ ਅਤੇ ਟੂਰਿਜ਼ਮ ਵਰਗੇ ਸੈਕਟਰਜ਼ ਨੂੰ ਤਕੜੀ ਮਾਰ ਲਗੀ ਹੈ ਤੇ ਉਨ੍ਹਾਂ ਨੂੰ ਮਹਾਂਮਾਰੀ ਤੋਂ ਬਾਹਰ ਨਿਕਲਣ ਲਈ ਲੰਮਾਂ ਸਮਾਂ ਲੱਗੇਗਾ।