ਚੰਡੀਗੜ੍ਹ : ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy CM Sukhjinder Singh Randhawa) ਦੇ ਨਿਰਦੇਸ਼ਾਂ 'ਤੇ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਅੱਜ ਜ਼ਿਲ੍ਹਿਆਂ/ਯੂਨਿਟਾਂ ਦੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਉਹ ਅਣਅਧਿਕਾਰਤ ਪੁਲਿਸ ਕਰਮਚਾਰੀਆਂ ਨੂੰ ਉਨ੍ਹਾਂ ਦੇ ਜੱਦੀ ਜ਼ਿਲ੍ਹੇ ਵਿੱਚ ਤੁਰੰਤ ਪ੍ਰਭਾਵ ਨਾਲ ਵਾਪਸ ਭੇਜਣ।
ਪੰਜਾਬ ਦੇ ਸਾਰੇ ਪੁਲਿਸ ਦਫ਼ਤਰਾਂ ਦੇ ਮੁਖੀਆਂ ਅਤੇ ਪੰਜਾਬ ਪੁਲਿਸ (Punjab Police) ਵਿਭਾਗ ਤੋਂ ਬਾਹਰ ਤਾਇਨਾਤ ਸਾਰੇ ਅਧਿਕਾਰੀਆਂ ਨੂੰ ਜਾਰੀ ਕੀਤੇ ਆਪਣੇ ਆਦੇਸ਼ ਵਿੱਚ, ਡੀਜੀਪੀ ਨੇ ਕਿਹਾ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਕੁਝ ਪੁਲਿਸ ਅਧਿਕਾਰੀ/ਕਰਮਚਾਰੀ ਇੱਕ ਜ਼ਿਲ੍ਹੇ/ਯੂਨਿਟ ਤੋਂ ਦੂਜੇ ਜ਼ਿਲ੍ਹੇ/ਯੂਨਿਟ ਵਿੱਚ ਟਰਾਂਸਫਰ ਹੋਣ ‘ਤੇ ਆਪਣੇ ਨਿੱਜੀ ਸਟਾਫ਼ ਨੂੰ ਆਪਣੀ ਤਾਇਨਾਤੀ ਦੇ ਪਿਛਲੇ ਸਥਾਨ ਤੋਂ ਨਵੇਂ ਸਟੇਸ਼ਨ/ਯੂਨਿਟ ਵਿੱਚ ਆਪਣੇ ਨਾਲ ਲੈ ਜਾਂਦੇ ਹਨ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਸ ਨਾਲ ਕਈ ਪ੍ਰਬੰਧਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਨੂੰ ਤੁਰੰਤ ਬੰਦ ਕਰਨ ਦੀ ਜ਼ਰੂਰਤ ਹੈ। ਹੁਕਮਾਂ ਅਨੁਸਾਰ ਸਾਰੇ ਅਧਿਕਾਰੀ/ਕਰਮਚਾਰੀ, ਜੋ ਵੱਖ-ਵੱਖ ਰੈਂਕਾਂ ਦੇ ਪੁਲਿਸ ਕਰਮਚਾਰੀਆਂ (ਸੁਰੱਖਿਆ ਤੋਂ ਇਲਾਵਾ) ਨੂੰ ਬਿਨਾਂ ਕਿਸੇ ਅਧਿਕਾਰ ਤੋਂ ਇੱਕ ਜ਼ਿਲ੍ਹਾ/ਯੂਨਿਟ ਤੋਂ ਦੂਜੇ ਜ਼ਿਲ੍ਹੇ ਵਿੱਚ ਤਾਇਨਾਤੀ/ਤਬਾਦਲੇ ਸਮੇਂ ਆਪਣੇ ਨਾਲ ਲੈ ਗਏ ਹਨ, ਨੂੰ ਅਜਿਹੇ ਸਾਰੇ ਪੁਲਿਸ ਕਰਮਚਾਰੀਆਂ ਨੂੰ ਉਨ੍ਹਾਂ ਦੇ ਜੱਦੀ ਜ਼ਿਲ੍ਹਿਆਂ/ਯੂਨਿਟਾਂ ਵਿੱਚ ਤੁਰੰਤ ਭੇਜਣ ਦੇ ਹੁਕਮ ਦਿੱਤੇ ਗਏ ਹਨ।
ਇਸ ਦੌਰਾਨ, ਡੀਜੀਪੀ ਨੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਨੂੰ ਇਸ ਸਬੰਧ ਵਿੱਚ DGP ਦਫ਼ਤਰ ਵਿਖੇ ਰਿਪੋਰਟ ਭੇਜਣ ਲਈ ਵੀ ਕਿਹਾ।