ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਪੰਜਾਬ ਭਰ ਵਿੱਚ ਰਾਸਟਰੀ ਸਵੈਇੱਛਕ ਖੂਨਦਾਨ ਦਿਵਸ ਬਹੁਤ ਉਤਸਾਹ ਨਾਲ ਮਨਾਇਆ ਗਿਆ। ਇਸ ਸਬੰਧੀ ਪੰਜਾਬ ਦੇ ਉਪ ਮੁੱਖ ਮੰਤਰੀ ਸ਼੍ਰੀ ਓ ਪੀ ਸੋਨੀ (Deputy CM OP Soni) ਨੇ ਦਸਿਆ ਕਿ ਪੰਜਾਬ ਵਿੱਚ ਰਾਸ਼ਟਰੀ ਖੂਨਦਾਨ ਦਿਵਸ ਦੇ ਮੌਕੇ ਤੇ 16 ਖੂਨਦਾਨ ਕੈਂਪ ਲਗਾਏ ਗਏ, ਜਿਨਾਂ ਵਿੱਚ 1150 ਯੂਨਿਟ ਖੂਨ ਇਕੱਠਾ ਕੀਤਾ ਗਿਆ। ਉਨਾਂ ਕਿਹਾ ਕਿ ਸਵੈਇੱਛਕ ਖੂਨਦਾਨ ਨੂੰ ਉਤਸਾਹਤ ਕਰਨਾ ਖੂਨ ਦੀ ਸੁਰੱਖਿਆ ਨੂੰ ਵਧਾਉਣ ਦੀ ਮੁੱਖ ਰਣਨੀਤੀ ਹੈ।
ਸ਼੍ਰੀ ਓਪੀ ਸੋਨੀ, ਉਪ ਮੁੱਖ ਮੰਤਰੀ, ਪੰਜਾਬ (Deputy CM OP Soni)ਨੇ ਕਿਹਾ ਕਿ ਕੋਵਿਡ -19 ਮਹਾਂਮਾਰੀ ਦੇ ਸਮੇਂ ਦੌਰਾਨ ਰਾਜ ਨੇ ਬਲੱਡ ਸੈਂਟਰਾਂ ਵਿੱਚ ਖੂਨਦਾਨ ਵਿੱਚ ਗਿਰਾਵਟ ਵੇਖੀ ਹੈ। ਇਸ ਸਮੇਂ ਵਿੱਚ ਕਈ ਕਾਰਨ, ਜਿਵੇਂ ਕਿ ਸਰਜਰੀਆਂ ਨੂੰ ਮੁਲਤਵੀ ਕਰਨਾ ਅਤੇ ਚੋਣਵੀਂ ਪ੍ਰਕਿਰਿਆਵਾਂ ਆਦਿ ਦੇ ਕਾਰਨ ਖੂਨ ਦੀ ਜਰੂਰਤ ਵਿੱਚ ਵੀ ਕਮੀ ਆਈ ਹੈ, ਫਿਰ ਵੀ, ਵੱਖ ਵੱਖ ਹੀਮੋਗਲੋਬਿਨੋਪੈਥੀ ਤੋਂ ਪੀੜਤ ਲੋਕਾਂ ਲਈ ਖੂਨ ਦੀ ਨਿਰੰਤਰ ਜਰੂਰਤ ਹੈ, ਜਿਵੇਂ ਕਿ ਜਣੇਪੇ ਦੌਰਾਨ ਐਮਰਜੈਂਸੀ ਜਰੂਰਤਾਂ, ਸੜਕ ਆਵਾਜਾਈ. ਦੁਰਘਟਨਾਵਾਂ ਆਦਿ ਵੇਲੇ ਜਰੂਰਤ ਹੈ।
ਹਾਲਾਂਕਿ, ਕੋਰੋਨਾ ਮਹਾਂਮਾਰੀ ਦੇ ਇਨਾਂ ਚੁਣੌਤੀਪੂਰਨ ਸਮਿਆਂ ਵਿੱਚ ਵੀ ਖੂਨਦਾਨੀਆਂ ਨੇ ਖੂਨ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਅਤੇ ਤਾਲਾਬੰਦੀ ਦੇ ਦੌਰਾਨ ਵੀ ਉਹ ਸਰਕਾਰ ਦੁਆਰਾ ਜਾਰੀ ਕੀਤੇ ਗਏ ਵਿਸ਼ੇਸ਼ ਪਾਸਾਂ ਦੇ ਨਾਲ ਲੋੜਵੰਦਾਂ ਲਈ ਖੂਨਦਾਨ ਕਰਦੇ ਰਹੇ।
ਉਨਾਂ (Deputy CM OP Soni) ਕਿਹਾ ਕਿ ਇਸ ਸਾਲ ਦੀ ਮੁਹਿੰਮ ਦਾ ਰਾਸਟਰੀ ਸਵੈਇੱਛਕ ਖੂਨਦਾਨ ਦਿਵਸ ਮਨਾਉਣ ਦਾ ਉਦੇਸ “ਸਾਲ ਭਰ ਖੂਨਦਾਨ ਦੀ ਜਰੂਰਤ ਨੂੰ ਪੂਰਾ ਕਰਨਾ, ਲੋੜੀਂਦੀ ਸਪਲਾਈ ਬਣਾਈ ਰੱਖਣ, ਸਮੇਂ ਸਿਰ ਪਹੁੰਚ ਕਰਨ ਅਤੇ ਸੁਰੱਖਿਅਤ ਖੂਨ ਚੜਾਉਣਾ ਯਕੀਨੀ ਬਣਾਉਣਾ ਹੈ।“
ਉਪ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਖੂਨਦਾਨ, ਜੋ ਸਵੈਇੱਛੁਕ ਅਤੇ ਨਿਰਸਵਾਰਥ ਹੈ, ਕਿਸੇ ਵੀ ਚੰਗੇ ਕਾਰਨ ਲਈ ਅਤੇ ਬਿਨਾਂ ਕਿਸੇ ਦਬਾਅ ਦੇ ਖੂਨਦਾਨ ਕਰਨਾ ਇੱਕ ਮਹਾਨ ਦਾਨ ਮੰਨਿਆ ਜਾਂਦਾ ਹੈ। ਆਪਣੀ ਮਰਜੀ ਨਾਲ ਖੂਨਦਾਨ ਕਰਨ ਵਾਲਾ ਵਿਅਕਤੀ ਹੀ ਸਮਾਜ ਦਾ ਅਸਲੀ ਨਾਇਕ ਹੁੰਦਾ ਹੈ। ਕਿਉਂਕਿ ਉਨਾਂ ਦਾ ਦਾਨ ਕੀਤਾ ਖੂਨ ਬਹੁਤ ਸਾਰੀਆਂ ਜਾਨਾਂ ਬਚਾ ਸਕਦਾ ਹੈ। ਉਨਾਂ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲ ਮਰੀਜਾਂ ਨੂੰ ਮੁਫਤ ਖੂਨ ਦੀ ਸਹੂਲਤ ਪ੍ਰਦਾਨ ਕਰ ਰਹੇ ਹਨ।
ਸਾਰੇ ਸਵੈ-ਇੱਛਕ ਖੂਨਦਾਨੀਆਂ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਖੂਨਦਾਨ ਦੇ ਆਪਣੇ ਕੀਮਤੀ ਜੀਵਨ ਬਚਾਉਣ ਵਾਲੇ ਤੋਹਫੇ ਨੂੰ ਖੂਨਦਾਨ ਕੇਂਦਰਾਂ ਦੁਆਰਾ 1 ਅਕਤੂਬਰ, 2021 ਤੋਂ 31 ਅਕਤੂਬਰ, 2021 ਅਤੇ ਭਵਿੱਖ ਵਿੱਚ ਘਟਾਉਣ ਲਈ ਆਯੋਜਿਤ ਕੀਤੇ ਜਾ ਰਹੇ ਸਵੈ-ਇੱਛਕ ਖੂਨਦਾਨ ਕੈਂਪਾਂ ਵਿੱਚ ਯੋਗਦਾਨ ਪਾਉਣ।
ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੇ ਪ੍ਰੋਜੈਕਟ ਡਾਇਰੈਕਟਰ ਸ਼੍ਰੀ ਅਮਿਤ ਕੁਮਾਰ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਪੰਜਾਬ ਵਿੱਚ 141 ਲਾਇਸੈਂਸਸੁਦਾ ਬਲੱਡ ਸੈਂਟਰ ਹਨ, ਜਿਨਾਂ ਵਿੱਚੋਂ 46 ਸਰਕਾਰ ਦੁਆਰਾ ਚਲਾਏ ਜਾਂਦੇ ਹਨ, 6 ਮਿਲਟਰੀ ਦੁਆਰਾ, ਅਤੇ 89 ਪ੍ਰਾਈਵੇਟ ਹਸਪਤਾਲਾਂ ਦੁਆਰਾ ਅਤੇ ਸੰਸਥਾਵਾਂ ਦੁਆਰਾ ਚਲਾਏ ਜਾਂਦੇ ਹਨ। ਇਸ ਤੋਂ ਇਲਾਵਾ, 101 ਬਲੱਡ ਸੈਂਟਰਾਂ ਵਿੱਚ ਬਲੱਡ ਕੰਪੋਨੈਂਟ ਸੈਪਰੇਸ਼ਨ ਦੀ ਸਹੂਲਤ ਹੈ। ਇਸ ਸਹੂਲਤ ਨਾਲ ਦਾਨ ਕੀਤਾ ਗਿਆ ਇਕ ਯੂਨਿਟ ਚਾਰ ਕੀਮਤੀ ਜਾਨਾਂ ਬਚਾ ਸਕਦਾ ਹੈ।
ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੇ ਵਧੀਕ ਪ੍ਰੋਜੈਕਟ ਡਾਇਰੈਕਟਰ ਡਾ: ਬੌਬੀ ਗੁਲਾਟੀ ਨੇ ਕਿਹਾ ਕਿ ਪੰਜਾਬ ਭਾਰਤ ਸਰਕਾਰ ਵੱਲੋਂ ਨਿਰਧਾਰਤ ਟੀਚੇ ਤੋਂ ਵੱਧ ਖੂਨ ਇਕੱਤਰ ਕਰ ਰਿਹਾ ਹੈ। ਸਾਲ 2020-21 ਵਿੱਚ, ਖੂਨ ਦਾਨੀਆਂ, ਗੈਰ ਸਰਕਾਰੀ ਸੰਗਠਨਾਂ ਅਤੇ ਖੂਨ ਕੇਂਦਰਾਂ ਦੇ ਸਹਿਯੋਗ ਨਾਲ ਕੁੱਲ 3, 79, 846 ਖੂਨ ਯੂਨਿਟ ਇਕੱਤਰ ਕੀਤੇ ਗਏ ਸਨ। ਬਲੱਡ ਟਰਾਂਸਫਿਉਜਨ ਸਰਵਿਸਸ ਦੀ ਜੁਆਇੰਟ ਡਾਇਰੈਕਟਰ ਡਾ. ਸੁਨੀਤਾ ਦੇਵੀ ਨੇ ਦੱਸਿਆ ਕਿ ਸਵੈ-ਇਛਕ ਖੂਨਦਾਨ ਸੁਰੱਖਿਅਤ ਹੈ।