ਚੰਡੀਗੜ੍ਹ : ਪੰਜਾਬੀ ਗਾਇਕ ਹਰਜੀਤ ਹਰਮਨ ਤੇ ਸਪੀਡ ਰਿਕਾਰਡਸ ਕੰਪਨੀ ਦੇ ਮਾਲਕ ਬਲਵਿੰਦਰ ਅੱਜ ਪੰਜਾਬ ਰਾਜ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਏ। ਹਰਜੀਤ ਹਰਮਨ ਤੇ ਸਪੀਡ ਰਿਕਾਰਡਸ ਕੰਪਨੀ ਦੇ ਨਾਲ-ਨਾਲ ਗਾਇਕ ਕਰਨ ਔਜਲਾ 'ਤੇ ਕਮਿਸ਼ਨ ਵਲੋਂ ਕੁੜੀਆਂ ਦੀ ਤੁਲਨਾ ਸ਼ਰਾਬ, ਹਥਿਆਰਾਂ ਤੇ ਨਸ਼ੇ ਨਾਲ ਕਰਨ ਦੇ ਚਲਦਿਆਂ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਤੇ ਕਰਨ ਔਜਲਾ ਵੀਡੀਓ ਕਾਲ ਰਾਹੀਂ ਆਪਣਾ ਪੱਖ ਰੱਖ ਚੁੱਕੇ ਹਨ, ਉਥੇ ਸਿਹਤ ਠੀਕ ਨਾ ਹੋਣ ਕਾਰਨ ਹਰਜੀਤ ਹਰਮਨ 22 ਸਤੰਬਰ ਨੂੰ ਮਹਿਲਾ ਕਮਿਸ਼ਨ ਅੱਗੇ ਪੇਸ਼ ਨਹੀਂ ਹੋ ਸਕੇ ਸਨ।
ਅੱਜ ਹਰਜੀਤ ਹਰਮਨ ਤੇ ਬਲਵਿੰਦਰ ਨੇ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋ ਕੇ ਆਪਣਾ ਪੱਖ ਰੱਖਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨੀਸ਼ਾ ਗੁਲਾਟੀ ਨੇ ਇਕ ਵੀਡੀਓ ਫੇਸਬੁੱਕ 'ਤੇ ਸਾਂਝੀ ਕੀਤੀ ਹੈ। ਵੀਡੀਓ 'ਚ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਹਰਜੀਤ ਹਰਮਨ ਨੇ ਆਪਣੇ ਗੀਤਾਂ ਰਾਹੀਂ ਪੰਜਾਬੀਅਤ ਦੀ ਗੱਲ ਕੀਤੀ ਹੈ ਤੇ ਇਨ੍ਹਾਂ ਨੇ ਸਾਨੂੰ ਯਕੀਨ ਦਿਵਾਇਆ ਹੈ ਕਿ ਉਹ ਅੱਗੇ ਤੋਂ ਕਦੇ ਵੀ ਅਜਿਹਾ ਨਹੀਂ ਕਰਨਗੇ।
ਉਥੇ ਹਰਜੀਤ ਹਰਮਨ ਨੇ ਮਨੀਸ਼ਾ ਗੁਲਾਟੀ ਨੂੰ ਇਹ ਵੀ ਕਿਹਾ ਕਿ ਉਹ ਮਾਂ ਤੇ ਮਹਿਲਾ ਕਮਿਸ਼ਨ 'ਤੇ ਇਕ ਗੀਤ ਵੀ ਬਣਾਉਣਗੇ। ਮਨੀਸ਼ਾ ਗੁਲਾਟੀ ਨੇ ਹਰਜੀਤ ਹਰਮਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ 'ਚ ਕਿਸੇ ਵੀ ਕਲਾਕਾਰ ਨੇ ਮਹਿਲਾ ਕਮਿਸ਼ਨ ਲਈ ਅਜਿਹਾ ਨਹੀਂ ਕੀਤਾ ਹੈ, ਜੋ ਹਰਜੀਤ ਹਰਮਨ ਕਰਨ ਜਾ ਰਹੇ ਹਨ।
ਇਸ ਤੋਂ ਇਲਾਵਾ ਮਨੀਸ਼ਾ ਗੁਲਾਟੀ ਨੇ ਝੂਠੀਆਂ ਸ਼ਿਕਾਇਤਾਂ ਦਰਜ ਕਰਵਾਉਣ ਵਾਲਿਆਂ 'ਤੇ ਵੀ ਸਖ਼ਤ ਕਾਰਵਾਈ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਜਾਣਬੁਝ ਕੇ ਕਿਸੇ ਨੂੰ ਬਦਨਾਮ ਕਰਨ ਲਈ ਝੂਠੀਆਂ ਸ਼ਿਕਾਇਤਾਂ ਦਰਜ ਨਾ ਕਰਵਾਈਆਂ ਜਾਣ ਤੇ ਮਹਿਲਾ ਕਮਿਸ਼ਨ ਦਾ ਸਮਾਂ ਬਰਬਾਦ ਨਾ ਕੀਤਾ ਜਾਵੇ।