ਵਾਸ਼ਿੰਗਟਨ : ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਪਣੀ ਹੀ ਭਤੀਜੀ ਵਿਰੁਧ ਨਿਊਯਾਰਕ ਦੀ ਇੱਕ ਅਦਾਲਤ ਵਿਚ ਮੁਕੱਦਮਾ ਦਰਜ ਕਰਾਇਆ ਹੈ। ਇਹ ਮੁਕੱਦਮਾ 2018 ਵਿਚ ਛਪੀ ਉਸ ਰਿਪੋਰਟ ਦੇ ਖ਼ਿਲਾਫ਼ ਹੈ ਜਿਸ ਵਿਚ ਮੈਰੀ ਟਰੰਪ ਨੇ ਅਪਣੇ ਅੰਕਲ ’ਤੇ ਟੈਕਸ ਨਾਲ ਜੁੜੀ ਸ਼ੱਕੀ ਯੋਜਨਾਵਾਂ ਨਾਲ ਜੁੜੇ ਰਹਿਣ ਦਾ ਦੋਸ਼ ਲਗਾਇਆ ਸੀ। ਟਰੰਪ ਨੇ ਮੁਕੱਦਮੇ ਵਿਚ ਕਿਹਾ ਕਿ ਉਨ੍ਹਾਂ ਦੀ ਭਤੀਜੀ ਮੈਰੀ ਟਰੰਪ ਅਤੇ ਅਖ਼ਬਾਰਾਂ ਨੇ ਧੋਖੇ ਨਾਲ ਗੁਪਤ ਦਸਤਾਵੇਜ਼ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਟਰੰਪ ਨੇ ਇਹ ਦੋਸ਼ ਵੀ ਲਗਾਇਆ ਕਿ ਉਨ੍ਹਾਂ ਦੀ 56 ਸਾਲਾ ਭਤੀਜੀ ਨੇ ਇੱਕ ਸਮਝੌਤੇ ਨੂੰ ਤੋੜਿਆ ਹੈ ਜਿਸ ਦੇ ਤਹਿਤ ਉਹ ਦਸਤਾਵੇਜ਼ਾਂ ਨੂੰ ਪ੍ਰਗਟ ਨਹੀਂ ਕਰ ਸਕਦੀ ਸੀ। ਇਸ ਦੇ ਜਵਾਬ ਵਿਚ ਮੈਰੀ ਟਰੰਪ ਨੇ ਕਿਹਾ, ਇਹ ਮੁਕੱਦਮਾ ਉਨ੍ਹਾਂ ਦੇ ਅੰਕਲ ਦੀ ਪ੍ਰੇਸ਼ਾਨੀ ਦੇ ਸੰਕੇਤ ਹਨ। ਉਨ੍ਹਾਂ ਨੇ ਕਿਹਾ ਕਿ ਟਰੰਪ ਘਿਰਦੇ ਜਾ ਰਹੇ ਹਨ ਅਤੇ ਉਹ ਇਸ ਤੋਂ ਬਾਹਰ ਆਉਣ ਲਈ ਜੋ ਕੁਝ ਵੀ ਕਰ ਸਕਦੇ ਹਨ, ਕਰ ਰਹੇ ਹਨ। ਮੈਰੀ ਨੇ ਕਿਹਾ, ਅੰਕਲ ਵਿਸ਼ੇ ਨੂੰ ਬਦਲਣ ਦੀ ਕੋਸ਼ਿਸ਼ ਕਰਨਗੇ। ਪਿਛਲੇ ਸਾਲ ਮੈਰੀ ਨੇ ਅਪਣੀ ਇੱਕ ਕਿਤਾਬ ਵਿਚ ਦਾਅਵਾ ਕੀਤਾ ਸੀ ਕਿ ਟਰੰਪ ਇੱਕ ਅਜਿਹੇ ਆਤਮਮੁਗਧ ਸ਼ਖ਼ਸ ਹਨ ਜਿਨ੍ਹਾਂ ਨੇ ਆਮ ਨਾਗਰਿਕਾਂ ਦੀ ਜ਼ਿੰਦਗੀ ਖਤਰੇ ਵਿਚ ਪਾ ਦਿੱਤੀ ਹੈ। ਉਨ੍ਹਾਂ ਨੇ ਇਸ ਵਿਚ ਟਰੰਪ ਨੂੰ ਧੋਖੇਬਾਜ਼ ਕਰਾਰ ਦਿੱਤਾ ਸੀ। ਹਾਲਾਂਕਿ ਟਰੰਪ ਨੇ ਇਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ ਸੀ। ਅਪਣੀ ਜੀਵਨੀ ਵਿਚ ਮੈਰੀ ਟਰੰਪ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਨਿਊਯਾਰਕ ਟਾਈਮਸ ਨੂੰ ਟੈਕਸ ਨਾਲ ਜੁੜੇ ਦਸਤਾਵੇਜ਼ ਮੁਹੱਈਆ ਕਰਾਏ ਸੀ।