ਟੋਰਾਂਟੋ : ਕੈਨੇਡਾ ਦੀਆਂ ਮੱਧਕਾਲੀ ਚੋਣਾਂ ਦੌਰਾਨ 16 ਪੰਜਾਬੀਆਂ ਸਣੇ ਭਾਰਤੀ ਮੂਲ ਦੇ 18 ਉਮੀਦਵਾਰਾਂ ਨੇ ਜਿੱਤ ਦੇ ਝੰਡੇ ਲਹਿਰਾਏ ਅਤੇ ਖ਼ਾਸ ਗੱਲ ਇਹ ਰਹੀ ਕਿ ਟਰੂਡੋ ਦੀ ਕੈਬਨਿਟ ਵਿਚ ਸ਼ਾਮਲ ਸਾਰੇ ਪੰਜਾਬੀ ਮੰਤਰੀ ਜੇਤੂ ਰਹੇ। ਨਵੀਂ ਸਰਕਾਰ ਵਿਚ ਵੀ ਪੰਜਾਬੀਆਂ ਨੂੰ ਢੁਕਵੀਂ ਨੁਮਾਇੰਦਗੀ ਮਿਲਣ ਦੇ ਆਸਾਰ ਹਨ। ਇਸ ਸੱਭ ਦੇ ਨਾਲ ਟਰੂਡੋ ਨੇ ਵੀ ਜਿੱਤ ਦਰਜ ਕਰ ਦਿਤੀ ਹੈ।
ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੈਨਕੂਵਰ ਸਾਊਥ ਪਾਰਲੀਮਾਨੀ ਹਲਕੇ ਵਿਚ 18 ਹਜ਼ਾਰ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਅਤੇ ਆਪਣੇ ਨੇੜਲੇ ਵਿਰੋਧ ਐਨ.ਡੀ.ਪੀ. ਦੇ ਸ਼ੌਨ ਮੈਕੁਈਲਨ ਨੂੰ 9 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ।
ਕੈਬਨਿਟ ਮੰਤਰੀ ਬਰਦੀਸ਼ ਚੱਗੜ ਨੇ ਵਾਟਰਲੂ ਹਲਕੇ ਵਿਚ 24 ਹਜ਼ਾਰ 802 ਵੋਟਾਂ ਹਾਸਲ ਕਰਦਿਆਂ ਵੱਡੀ ਜਿੱਤ ਦਰਜ ਕੀਤੀ। ਉਨ੍ਹਾਂ ਨੇ ਆਪਣੀ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਮੇਘਨ ਸ਼ੈਨਨ ਨੂੰ 9 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹੋਇਆ।
ਸਰਕਾਰੀ ਖਰੀਦ ਮਾਮਲਿਆਂ ਬਾਰੇ ਮੰਤਰੀ ਅਨੀਤਾ ਆਨੰਦ ਨੇ ਓਕਵਿਲ ਰਾਈਡਿੰਗ ਤੋਂ 26, 203 ਵੋਟਾਂ ਹਾਸਲ ਕਰਦਿਆਂ ਵੱਡੀ ਜਿੱਤ ਦਰਜ ਕੀਤੀ।
ਉਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੀ ਕੈਰੀ ਕੌਲਬਰਨ ਨੂੰ ਹਰਾਇਆ ਜਿਨ੍ਹਾਂ ਨੂੰ ਤਕਰੀਬਨ 23 ਹਜ਼ਾਰ ਵੋਟਾਂ ਮਿਲੀਆਂ।
ਦੂਜੇ ਪਾਸੇ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਲੇ ਬਰਨਬੀ ਸਾਊਥ ਹਲਕੇ ਵਿਚ 15 ਹਜ਼ਾਰ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਜਦਕਿ ਉਨ੍ਹਾਂ ਦੇ ਨਜ਼ਦੀਕੀ ਵਿਰੋਧੀ ਲਿਬਰਲ ਪਾਰਟੀ ਦੀ ਬਰੀਆ ਹੁਐਂਗ ਸਾਮੀ ਨੂੰ 11, 560 ਵੋਟਾਂ ਮਿਲੀਆਂ। ਬਰੈਂਪਟਨ ਈਸਟ ਤੋਂ ਮਨਿੰਦਰ ਸਿੱਧੂ 21, 518 ਵੋਟਾਂ ਲੈ ਕੇ ਜੇਤੂ ਰਹੇ। ਉਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਨਵਲ ਬਜਾਜ ਨੂੰ ਹਰਾਇਆ ਜੋ 10, 757 ਵੋਟਾਂ ਹੀ ਹਾਸਲ ਕਰ ਸਕੇ। ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਸੋਨੀਆ ਸਿੱਧੂ ਨੇ 19, 837 ਵੋਟਾਂ ਹਾਸਲ ਕਰਦਿਆਂ ਕੰਜ਼ਰਵੇਟਿਵ ਪਾਰਟੀ ਦੇ ਰਮਨਦੀਪ ਬਰਾੜ ਨੂੰ ਹਰਾਇਆ ਜੋ 11, 836 ਵੋਟਾਂ ਹੀ ਹਾਸਲ ਕਰ ਸਕੇ।