ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਵਿਦੇਸ਼ੀ ਨਾਗਰਿਕਾਂ ਦੇ ਦੇਸ਼ ’ਚ ਦਾਖਲ ਹੋਣ ’ਤੇ ਲੱਗੀ ਪਾਬੰਦੀ ’ਚ ਨਵੰਬਰ ਤੋਂ ਛੋਟ ਦੇਣ ਜਾ ਰਹੇ ਹਨ। ਨਵੰਬਰ ਤੋਂ ਕੋਰੋਨਾ ਰੋਕੂ ਟੀਕੇ ਦੀ ਪੂਰੀ ਡੋਜ਼ ਲੈਣ ਵਾਲੇ ਲੋਕਾਂ ਨੂੰ ਅਮਰੀਕਾ ’ਚ ਦਾਖਲ ਕਰਨ ਦੀ ਮਨਜ਼ੂਰੀ ਹੋਵੇਗੀ। ਕੋਰੋਨਾ ਮਾਮਲਿਆਂ ’ਤੇ ਵਾਈਟ ਹਾਊਸ ਦੇ ਕੋਆਰਡੀਨੇਟਰ ਜੈਫ ਜੈਂਟਸ ਨੇ ਕਿਹਾ ਕਿ ਵਿਦੇਸ਼ੀ ਨਾਗਰਿਕਾਂ ਨੂੰ ਜਹਾਜ਼ ’ਚ ਸਵਾਰ ਹੋਣ ਤੋਂ ਪਹਿਲਾਂ ਪੂਰੇ ਟੀਕਾਕਰਨ ਨਾਲ ਹੀ ਤਿੰਨ ਦਿਨ ਪਹਿਲਾਂ ਨੈਗੇਟਿਵ ਕੋਰੋਨਾ ਜਾਂਚ ਰਿਪੋਰਟ ਦਿਖਾਉਣੀ ਪਵੇਗੀ। ਜੈਂਟਸ ਨੇ ਵਿਦੇਸ਼ੀ ਨਾਗਰਿਕਾਂ ਲਈ ਅਮਰੀਕਾ ਦੀ ਯਾਤਰਾ ਨੂੰ ਲੈ ਕੇ ਨਵੀਂ ਨੀਤੀ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਬਾਈਡਨ ਪ੍ਰਸ਼ਾਸਨ ਨੇ ਬਿਨਾਂ ਟੀਕਾ ਲਗਵਾਏ ਵਾਪਸ ਜਾਣ ਵਾਲੇ ਅਮਰੀਕੀ ਨਾਗਰਿਕਾਂ ਲਈ ਵੀ ਜਾਂਚ ਦੇ ਨਿਯਮ ਸਖ਼ਤ ਕੀਤੇ ਹਨ। ਅਜਿਹਾ ਲੋਕਾਂ ਨੂੰ ਯਾਤਰਾ ਸ਼ੁਰੂ ਕਰਨ ਤੋਂ ਇਕ ਦਿਨ ਪਹਿਲਾਂ ਤੇ ਅਮਰੀਕਾ ਪਹੁੰਚਣ ਦੇ ਇਕ ਦਿਨ ਦੇ ਅੰਦਰ ਕੋਰੋਨਾ ਜਾਂਚ ਕਰਵਾਉਣੀ ਪਵੇਗੀ।