ਕਾਬੁਲ : ਪਿਛਲੇ ਦਿਨੀ ਇਕ ਡਰੋਨ ਨੇ ਅਫ਼ਗਾਨਿਸਤਾਨ ਵਿਚ ਹਮਲਾ ਕੀਤਾ ਸੀ ਜਿਸ ਵਿਚ ਕਈ ਨਾਗਰਿਕ ਮਾਰੇ ਗਏ ਸਨ। ਦਰਅਸਲ ਇਹ ਡਰੋਨ ਹਮਲਾ ਅਤਿਵਾਦੀਆਂ ਨੂੰ ਮਾਰਨ ਆਇਆ ਸੀ ਪਰ ਗਲਤੀ ਨਾਲ ਆਮ ਲੋਕ ਮਾਰੇ ਗਏ ਸਨ। ਜਾਣਕਾਰੀ ਅਨੁਸਾਰ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ 26 ਅਗੱਸਤ ਨੂੰ ਇਕ ਆਤਮਘਾਤੀ ਹਮਲਾ ਕੀਤਾ ਗਿਆ ਸੀ। ਜਿਸ ਵਿਚ ਹੋਏ ਡਰੋਨ ਹਮਲੇ ਨੂੰ ਲੈ ਕੇ ਅਮਰੀਕਾ ਵਲੋਂ ਮਾਫ਼ੀ ਮੰਗੀ ਗਈ ਹੈ। ਇਸ ਹਮਲੇ ਵਿਚ 7 ਬੱਚਿਆਂ ਸਣੇ 10 ਬੇਗੁਨਾਹ ਲੋਕਾਂ ਦੀ ਮੌਤ ਹੋ ਗਈ ਸੀ। ਏਮਲ ਅਹਿਮਦੀ, ਜਿਸ ਦੀ 3 ਸਾਲਾ ਧੀ ਮਲਿਕਾ ਮਾਰੀ ਗਈ ਸੀ, ਜਦੋਂ ਯੂਐਸ ਦੀ ਮਿਜ਼ਾਈਲ ਉਸਦੇ ਵੱਡੇ ਭਰਾ ਦੀ ਕਾਰ ਨਾਲ ਟਕਰਾ ਗਈ। ਅਹਿਮਦੀ ਨੇ ਸਨਿਚਰਵਾਰ ਨੂੰ ਐਸੋਸੀਏਟਡ ਪ੍ਰੈਸ ਨੂੰ ਦਸਿਆ ਕਿ ਪਰਵਾਰ ਵਾਸ਼ਿੰਗਟਨ ਤੋਂ ਮੰਗ ਕਰਦਾ ਹੈ ਕਿ ਜਿਸਨੇ ਡਰੋਨ ਚਲਾਇਆ ਅਤੇ ਫ਼ੌਜੀ ਕਰਮਚਾਰੀਆਂ ਨੂੰ ਸਜ਼ਾ ਦਿਤੀ ਜਾਵੇ। ਉਸਨੇ ਕਿਹਾ ਕਿ ਸਾਡੇ ਲਈ ਅਫ਼ਸੋਸ ਕਹਿਣਾ ਕਾਫ਼ੀ ਨਹੀਂ ਹੈ, ਯੂਐਸਏ ਨੂੰ ਉਸ ਵਿਅਕਤੀ ਨੂੰ ਲੱਭਣਾ ਚਾਹੀਦਾ ਹੈ ਜਿਸਨੇ ਅਜਿਹਾ ਕੀਤਾ ਹੈ।
ਇਸ ਸਬੰਧੀ ਬਿਆਨ ਦਿੰਦਿਆਂ ਅਮਰੀਕਾ ਨੇ ਅਪਣੀ ਗਲਤੀ ਕਬੂਲਦਿਆਂ ਇਸਨੂੰ ਇਕ ਭਿਆਨਕ ਗਲਤੀ ਦਸਿਆ ਹੈ। ਦਰਅਸਲ, ਇਸ ਹਮਲੇ ਸਬੰਧੀ ਇਕ ਰਿਪੋਰਟ ਵੀ ਸਾਹਮਣੇ ਆਈ ਹੈ, ਜਿਸ ਵਿਚ ਇਹ ਸਾਹਮਣੇ ਆਇਆ ਹੈ ਕਿ ਇਸ ਹਮਲੇ ਵਿਚ ਕਿਸੇ ਵੀ ਅਤਿਵਾਦੀ ਦੀ ਮੌਤ ਨਹੀਂ ਹੋਈ ਹੈ, ਬਲਕਿ ਇਸ ਹਮਲੇ ਵਿਚ ਸਾਰੇ ਹੀ ਬੇਗੁਨਾਹ ਲੋਕ ਮਾਰੇ ਗਏ ਹਨ। ਅਮਰੀਕੀ ਸੈਂਟਰਲ ਕਮਾਂਡ ਦੇ ਮੁਖੀ ਮਰੀਨ ਫ੍ਰੈਂਕ ਮੈਕੇਂਜੀ ਨੇ ਕਿਹਾ ਕਿ ਇਹ ਹਮਲਾ ਇਕ ਬਹੁਤ ਵੱਡੀ ਗਲਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸਦੇ ਲਈ ਮਾਫ਼ੀ ਵੀ ਮੰਗੀ। ਉਨ੍ਹਾਂ ਕਿਹਾ ਕਿ ਅਮਰੀਕਾ ਵਲੋਂ ਕੀਤੇ ਗਏ ਇਸ ਹਮਲੇ ਦੇ ਪੀੜਤ ਪਰਵਾਰਾਂ ਨੂੰ ਮੁਆਵਜ਼ਾ ਦੇਣ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਮੈਕੇਂਜੀ ਨੇ ਕਿਹਾ ਕਿ ਹੁਣ ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਇਸ ਦੁਖਦ ਹਮਲੇ ਵਿਚ 7 ਬੱਚਿਆਂ ਸਣੇ 10 ਆਮ ਲੋਕਾਂ ਦੀ ਮੌਤ ਹੋ ਗਈ ਸੀ।