ਵਾਸ਼ਿੰਗਟਨ : ਭਾਰਤ ਵਿੱਚ ਚੱਲ ਰਹੇ ਕਾਲ ਸੈਂਟਰ ਰਾਹੀਂ ਅਮਰੀਕੀ ਨਾਗਰਿਕਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਤਿੰਨ ਭਾਰਤੀ ਫਸ ਗਏ ਹਨ। ਇਨ੍ਹਾਂ ਵਿੱਚੋਂ ਇੱਕ ਸ਼ਖਸ ਨੂੰ ਅਮਰੀਕਾ ਦੀ ਅਦਾਲਤ ਨੇ 4 ਹਜ਼ਾਰ ਤੋਂ ਵੱਧ ਅਮਰੀਕੀ ਨਾਗਰਿਕਾਂ ਨਾਲ 1 ਕਰੋੜ ਤੋਂ ਵੱਧ ਅਮਰੀਕੀ ਡਾਲਰ ਦੀ ਧੋਖਾਧੜੀ ਕਰਨ ਦੇ ਜੁਰਮ ਵਿੱਚ 22 ਸਾਲ ਕੈਦ ਦੀ ਸਜ਼ਾ ਦਿੱਤੀ ਹੈ, ਜਦਕਿ ਦੋ ਵਿਅਕਤੀਆਂ ਨੂੰ 22 ਸਤੰਬਰ ਨੂੰ ਸਜ਼ਾ ਸੁਣਾਈ ਜਾਵੇਗੀ।
40 ਸਾਲਾ ਸ਼ਹਿਜਾਦ ਖਾਨ ਪਠਾਨ ਅਹਿਮਦਾਬਾਦ ਵਿੱਚ ਇੱਕ ਕਾਲ ਸੈਂਟਰ ਚਲਾਉਂਦਾ ਸੀ ਅਤੇ ਉੱਥੋਂ ਅਮਰੀਕੀ ਨਾਗਰਿਕਾਂ ਨੂੰ ਫੋਨ ਕੀਤੇ ਜਾਂਦੇ ਸਨ। ਨਿਆਂ ਵਿਭਾਗ ਨੇ ਦੱਸਿਆ ਕਿ ਫੋਨ ’ਤੇ ਸੰਪਰਕ ਸਾਧਣ ਬਾਅਦ ਇਹ ਉਨ੍ਹਾਂ ਨੂੰ ਨਕਦੀ ਅਤੇ ਇਲੈਕਟ੍ਰਾਨਿਕ ਮਾਧਿਅਮ ਨਾਲ ਰਕਮ ਟਰਾਂਸਫਰ ਕਰਨ ਦਾ ਲਾਲਚ ਦੇ ਕੇ ਆਪਣੇ ਜਾਲ਼ ਵਿੱਚ ਫਸਾਉਂਦਾ ਸੀ। ਪਠਾਨ ਅਤੇ ਉਸ ਦੇ ਸਾਥੀ ਪ੍ਰਦੀਪ ਸਿੰਘ ਪਰਮਾਰ ਅਤੇ ਸੁਮੇਰ ਪਟੇਲ ਅਮਰੀਕੀ ਲੋਕਾਂ ਨੂੰ ਪੈਸੇ ਭੇਜਣ ਲਈ ਲਾਲਚ ਦੇਣ ਵਾਲੀਆਂ ਕਈ ਯੋਜਨਾਵਾਂ ਦੱਸਦੇ ਅਤੇ ਖੁਦ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਫੈਡਰਲ ਇਨਵੈਸਟੀਗੇਸ਼ਨ ਬਿਊਰੋ (ਐਫਬੀਆਈ) ਅਤੇ ਡਰੱਗ ਇਨਫੋਰਮੈਂਟ ਐਡਮਿÇਨਸਟਰੇਸ਼ਨ (ਡੀਈਏ) ਤੇ ਹੋਰ ਸਰਕਾਰੀ ਏਜੰਸੀਆਂ ਦੇ ਅਧਿਕਾਰੀ ਦੇ ਤੌਰ ’ਤੇ ਪੇਸ਼ ਕਰਦੇ ਸਨ।
ਈਸਟਰਨ ਡਿਸਟ੍ਰਿਕਟ ਆਫ਼ ਵਰਜੀਨੀਆ ਦੇ ਕਾਰਜਕਾਰੀ ਯੂਐਸ ਅਟਾਰਨੀ ਰਾਜ ਪਾਰੇਖ ਨੇ ਦੱਸਿਆ ਕਿ ਦੋਸ਼ੀ ਇਸ ਅਪਰਾਧ ਦਾ ਮੁੱਖ ਸਾਜ਼ਿਸ਼ਘਾੜਾ ਹੈ ਅਤੇ ਉਸ ਨੂੰ ਕਾਲ ਸੈਂਟਰ ਰਾਹੀਂ 4 ਹਜ਼ਾਰ ਤੋਂ ਵੱਧ ਅਮਰੀਕੀ ਨਾਗਰਿਕਾਂ ਨਾਲ ਧੋਖਾਧੜੀ ਦੇ ਜੁਰਮ ਵਿੱਚ 22 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਮਾਮਲੇ ਵਿੱਚ ਪ੍ਰਦੀਪ ਸਿੰਘ ਪਰਮਾਰ (41 ਸਾਲ) ਅਤੇ ਸੁਮੇਰ ਪਟੇਲ (38 ਸਾਲ) ਵੀ ਦੋਸ਼ੀ ਹਨ ਅਤੇ ਉਨ੍ਹਾਂ ਨੂੰ 20 ਸਤੰਬਰ ਨੂੰ ਸਜ਼ਾ ਸੁਣਾਈ ਜਾਵੇਗੀ।