ਟੋਰਾਂਟੋ : ਟੋਰਾਂਟੋ ਕੈਮੀਕਲ ਪਲਾਂਟ ਵਿੱਚ ਧਮਾਕਾ ਹੋਣ ਮਗਰੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕੁਝ ਹੋਰ ਜ਼ਖਮੀ ਹੋਏ ਹਨ। ਬੁੱਧਵਾਰ ਸਵੇਰੇ ਥੌਰਨਕਲਿਫ ਪਾਰਕ ਦੇ ਉੱਤਰ ਵਿੱਚ ਬੇਥ ਨੀਲਸਨ ਡਰਾਈਵ ਅਤੇ ਵਿਕਸਟੀਡ ਐਵੇਨਿਊ ਖੇਤਰ ਦੇ ਪਲਾਂਟ ‘ਚ ਵੱਡੇ ਧਮਾਕੇ ਤੋਂ ਬਾਅਦ ਐਮਰਜੈਂਸੀ ਕਰਮਚਾਰੀਆਂ ਨੂੰ ਬੁਲਾਇਆ ਗਿਆ। ਘਟਨਾ ਵਾਲੀ ਥਾਂ ‘ਤੇ ਪੁੱਜੀ ਟੋਰਾਂਟੋ ਪੁਲਿਸ ਨੇ ਦੱਸਿਆ ਕਿ ਉਹ ਸਿਲਟੈਕ ਕਾਰਪੋਰੇਸ਼ਨ ਦੇ ਪਤੇ 225 ਵਿਕਸਟੀਡ ਐਵੇਨਿਊ ‘ਤੇ ਪਹੁੰਚੇ ਅਤੇ ਉਨ੍ਹਾਂ ਨੂੰ ਇੱਕ ਜ਼ਖਮੀ ਵਿਅਕਤੀ ਮਿਲਿਆ। ਪੈਰਾਮੈਡਿਕਸ ਨੇ ਕਿਹਾ ਕਿ ਸੀਪੀਆਰ ਦੀਆਂ ਕੋਸ਼ਿਸ਼ਾਂ ਅਸਫਲ ਰਹਿਣ ਤੋਂ ਬਾਅਦ ਉਨ੍ਹਾਂ ਦੇ ਸਾਹਮਣੇ ਆਏ ਪਹਿਲੇ ਮਰੀਜ਼ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਇੱਕ ਹੋਰ ਮਰੀਜ਼, ਜਿਹੜਾ ਇੱਕ ਬਾਲਗ ਪੁਰਸ਼ ਸੀ, ਗੰਭੀਰ ਜਲਣ ਨਾਲ ਪੀੜਤ ਪਾਇਆ ਗਿਆ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ ਹੈ। ਧਮਾਕੇ ਦੇ ਕਾਰਨਾਂ ਦੀ ਜਾਂਚ ਕਰਨ ਲਈ ਫਾਇਰ ਇਨਵੈਸਟੀਗੇਟਰ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ। ਪੁਲਿਸ ਨੇ ਇਹ ਵੀ ਕਿਹਾ ਕਿ ਓਂਟਾਰੀਓ ਦਾ ਕਿਰਤ ਮੰਤਰਾਲਾ ਜਾਂਚ ਕਰੇਗਾ ਕਿ ਧਮਾਕਾ ਕਿਸ ਕਾਰਨ ਹੋਇਆ। ਮੰਨਿਆ ਜਾਂਦਾ ਹੈ ਕਿ ਪਲਾਂਟ ਸਿਲੀਕੋਨ ਉਤਪਾਦਾਂ ਦਾ ਉਤਪਾਦਨ ਕਰਦਾ ਹੈ।