ਕਾਬੁਲ : ਤਾਲਿਬਾਨ ਦੇ ਇਕ ਲੜਾਕੇ ਨੇ ਅਸ਼ਾਂਤ ਪਰਬਤੀ ਸੂਬੇ ਵਿਚ ਸ਼ੱਕੀ ਹਾਲਾਤ ਵਿਚ ਇਕ ਅਫ਼ਗ਼ਾਨ ਲੋਕ ਗਾਇਕ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ। ਗਾਇਕ ਦੇ ਪ੍ਰਵਾਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਲੋਕ ਗਾਇਕ ਫ਼ਵਾਦ ਅੰਦਰਾਬੀ ਨੂੰ ਸ਼ੁਕਰਵਾਰ ਨੂੰ ਅੰਦਾਰਾਬੀ ਘਾਟੀ ਵਿਚ ਗੋਲੀ ਮਾਰੀ ਗਈ।
ਤਾਲਿਬਾਨ ਦੇ ਕਬਜੇ ਮਗਰੋਂ ਘਾਟੀ ਵਿਚ ਅਸ਼ਾਂਤੀ ਦੇਖੀ ਗਈ ਸੀ। ਖੇਤਰ ਦੇ ਕੁੱਝ ਜ਼ਿਲ੍ਹੇ ਤਾਲਿਬਾਨ ਸ਼ਾਸਨ ਦਾ ਵਿਰੋਧ ਜਤਾਉਣ ਵਾਲੇ ਮਿਲੀਸ਼ੀਆ ਲੜਾਕਿਆਂ ਦੇ ਕੰਟਰੋਲ ਵਿਚ ਆ ਗਏ ਸਨ। ਤਾਲਿਬਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਨ੍ਹਾਂ ਖੇਤਰਾਂ ਨੂੰ ਵਾਪਸ ਲਿਆ ਹੈ ਭਾਵੇਂਕਿ ਹਿੰਦੂਕੁਸ਼ ਪਹਾੜਾਂ ਵਿਚ ਸਥਿਤ ਪੰਜਸ਼ੀਰ ਅਫ਼ਗ਼ਾਨਿਸਤਾਨ ਦੇ 34 ਸੂਬਿਆਂ ਵਿਚੋਂ ਸਿਰਫ਼ ਇਕ ਅਜਿਹਾ ਸੂਬਾ ਹੈ ਜੋ ਉਸ ਦੇ ਕੰਟਰੋਲ ਵਿਚ ਨਹੀਂ ਹੈ।
ਲੋਕ ਗਾਇਕ ਦੇ ਬੇਟੇ ਜਵਾਦ ਅੰਦਰਾਬੀ ਨੇ ‘ਦੀ ਐਸੋਸੀਏਟਿਡ ਪ੍ਰੈੱਸ’ ਨੂੰ ਦਸਿਆ ਕਿ ਤਾਲਿਬਾਨ ਪਹਿਲਾਂ ਉਨ੍ਹਾਂ ਦੇ ਘਰ ਆਏ ਅਤੇ ਉਨ੍ਹਾਂ ਦੀ ਤਲਾਸ਼ੀ ਲਈ। ਗਾਇਕ ਦੇ ਬੇਟੇ ਨੇ ਕਿਹਾ, ‘‘ਉਹ ਬੇਕਸੂਰ ਸਨ, ਉਹ ਇਕ ਗਾਇਕ ਸਨ ਜੋ ਸਿਰਫ਼ ਲੋਕਾਂ ਦਾ ਮਨੋਰੰਜਨ ਕਰ ਰਹੇ ਸਨ। ਤਾਲਿਬਾਨ ਨੇ ਉਨ੍ਹਾਂ ਦੇ ਪਿਤਾ ਦੇ ਸਿਰ ਵਿਚ ਗੋਲੀ ਮਾਰ ਦਿਤੀ।’’ ਗਾਇਕ ਦੇ ਬੇਟੇ ਨੇ ਕਿਹਾ ਕਿ ਉਹ ਨਿਆਂ ਚਾਹੁੰਦੇ ਹਨ ਅਤੇ ਇਕ ਸਥਾਨਕ ਤਾਲਿਬਾਨ ਪਰੀਸ਼ਦ ਨੇ ਉਨ੍ਹਾਂ ਦੇ ਪਿਤਾ ਦੇ ਕਾਤਲ ਨੂੰ ਸਜ਼ਾ ਦੇਣ ਦਾ ਵਾਅਦਾ ਕੀਤਾ ਹੈ।