ਟੋਰਾਂਟੋ : ਆਵਾਜਾਈ ਬੰਦਿਸ਼ਾਂ ਵਿਚ ਢਿੱਲ ਮਗਰੋਂ ਕੈਨੇਡਾ ਪਹੁੰਚ ਰਹੇ ਪ੍ਰਵਾਸੀਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ ਅਤੇ ਜੁਲਾਈ ਦੌਰਾਨ ਤਕਰੀਬਨ 40 ਹਜ਼ਾਰ ਨਵੇਂ ਪ੍ਰਵਾਸੀਆਂ ਨੇ ਕੈਨੇਡੀਅਨ ਧਰਤੀ ’ਤੇ ਕਦਮ ਰੱਖਿਆ। ਇੰਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਦੱਸਿਆ ਕਿ ਜੂਨ ਅਤੇ ਜੁਲਾਈ ਦੌਰਾਨ ਕੈਨੇਡਾ ਪਹੁੰਚੇ ਨਵੇਂ ਪ੍ਰਵਾਸੀਆਂ ਦੀ ਗਿਣਤੀ ਨੂੰ ਵੇਖਦਿਆਂ 2021 ਲਈ ਤੈਅ 4 ਲੱਖ ਪ੍ਰਵਾਸੀਆਂ ਦਾ ਟੀਚਾ ਸੌਖਿਆਂ ਹੀ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਪਹਿਲੇ ਸੱਤ ਮਹੀਨੇ ਦੌਰਾਨ ਇਕ ਲੱਖ 84 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੂੰ ਪੀ.ਆਰ. ਦਿਤੀ ਗਈ ਜੋ ਕੁਲ ਟੀਚੇ ਦਾ 46 ਫ਼ੀ ਸਦੀ ਬਣਦੀ ਹੈ। ਚਾਰ ਲੱਖ ਦਾ ਟੀਚਾ ਪੂਰਾ ਹੋਣਾ ਕੈਨੇਡੀਅਨ ਇੰਮੀਗ੍ਰੇਸ਼ਨ ਦੇ ਇਤਿਹਾਸ ਵਿਚ ਨਵਾਂ ਮੀਲ ਪੱਥਰ ਸਾਬਤ ਹੋਵੇਗਾ ਕਿਉਂਕਿ ਪਿਛਲੇ 100 ਸਾਲ ਦੌਰਾਨ ਕਦੇ ਵੀ ਇਕ ਕੈਲੰਡਰ ਵਰ੍ਹੇ ਵਿਚ ਐਨੇ ਪ੍ਰਵਾਸੀ ਕੈਨੇਡਾ ਨਹੀਂ ਪੁੱਜੇ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਸਰਕਾਰ ਨੇ ਜੂਨ ਵਿਚ ਕਨਫ਼ਰਮੇਸ਼ਨ ਆਫ਼ ਪਰਮਾਨੈਂਟ ਰੈਜ਼ੀਡੈਂਸ ਵਾਲਿਆਂ ਨੂੰ ਮੁਲਕ ਵਿਚ ਦਾਖ਼ਲ ਹੋਣ ਦੀ ਖੁੱਲ੍ਹ ਦੇ ਦਿਤੀ ਸੀ ਜਿਸ ਮਗਰੋਂ ਆਪਣੇ ਸੁਪਨਿਆਂ ਦੇ ਮੁਲਕ ਪੁੱਜਣ ਵਾਲੇ ਪ੍ਰਵਾਸੀਆਂ ਦੇ ਗਿਣਤੀ ਵਿਚ ਰਿਕਾਰਡ ਵਾਧਾ ਹੋਇਆ।